ਆਕਲੈਂਡ : ਨਿਊਜ਼ੀਲੈਂਡ ਦੇ ਹੈਮਿਲਟਨ ਸਿਟੀ `ਚ ਇੱਕ ਭਾਰਤੀ ਮੂਲ ਦੇ ਪਰਿਵਾਰ ਦੀ ਡੇਅਰੀ (Indian Family dairy Hamilton) `ਤੇ ਹਮਲਾ ਕਰਨ ਵਾਲੇ 20 ਸਾਲਾ ਮੁਲਜ਼ਮ ਨੇ ਹਮਲੇ ਦੌਰਾਨ ਡੇਅਰੀ ਵਰਕਰ ਦੀ ਉਂਗਲ ਤੇ ਅੰਗੂਠਾ ਵੱਢਣ ਦਾ ਦੋਸ਼ ਕਬੂਲ ਕਰ ਲਿਆ ਹੈ, ਜਿਸਨੂੰ ਫਰਵਰੀ `ਚ ਸਜ਼ਾ ਸੁਣਾਈ ਜਾਵੇਗੀ। ਦੂਜੇ ਪਾਸੇ ਇਸ ਹਮਲੇ ਨਾਲ ਡੇਅਰੀ `ਤੇ ਕੰਮ ਕਰਨ ਵਾਲੇ ਵਰਕਰ ਨੂੰ ਇੰਨਾ ਵੱਡਾ ਸਦਮਾ ਲੱਗਾ ਹੈ, ਜਿਸ ਨਾਲ ਉਸਦੇ ਪਰਿਵਾਰ ਨੇ ਵੀ ਵੱਡਾ ਦੁੱਖ ਝੱਲਿਆ ਹੈ।
ਇਕ ਰਿਪੋਰਟ ਅਨੁਸਾਰ ਹੈਮਿਲਟਨ `ਚ ਇਰਵਾਈਨ ਸਟਰੀਟ ਡੇਅਰੀ (Indian Family dairy Hamilton) `ਤੇ ਪਿਛਲੇ ਸਾਲ 17 ਦਸੰਬਰ ਨੂੰ ਟਰਾਇਡ ਟਾਹੂ ਨਾਂ ਦੇ ਇੱਕ 20 ਸਾਲਾ ਮੁੰਡੇ ਨੇ ਵੱਡਾ ਚਾਕੂ ਲੈ ਕੇ ਡੇਅਰੀ `ਤੇ ਆ ਕੇ ਲੁੱਟਮਾਰ ਕਰਨ ਦੀ ਕੋਸਿ਼ਸ਼ ਕੀਤੀ ਸੀ ਅਤੇ ਉੱਥੇ ਕੰਮ ਕਰਦੇ ਵਰਕਰ ਨਾਬਿਨ ਨਾਲ ਵੀ ਹੱਥੋ-ਪਾਈ ਕੀਤੀ ਸੀ, ਜਿਸ ਦੌਰਾਨ ਨਾਬਿਨ ਦੀ ਇੱਕ ਉਂਗਲ ਅਤੇ ਅੰਗੂਠਾ ਵੱਢਿਆ ਗਿਆ ਸੀ। ਜਿਸ ਪਿੱਛੋਂ ਡਾਕਟਰਾਂ ਨੇ ਲਗਾਤਾਰ 8 ਘੰਟੇ ਅਪਰੇਸ਼ਨ ਕਰਕੇ ਅੰਗ ਜੋੜਨ ਦੀ ਕੋਸਿ਼ਸ਼ ਕੀਤੀ ਪਰ ਦੋਵੇਂ ਅੰਗ ਪੂਰੀ ਤਰ੍ਹਾਂ ਜੁੜ ਕੇ ਕੰਮ ਨਹੀਂ ਕਰ ਰਹੇ।
ਡੇਅਰੀ ਮਾਲਕ ਪੁਨੀਤ ਸਿੰਘ ਅਨੁਸਾਰ ਡੇਅਰੀ `ਤੇ ਹਮਲੇ ਤੋਂ ਇਕ ਸਾਲ ਬਾਅਦ ਵੀ ਉਸਦਾ ਵਰਕਰ ਨਾਬਿਨ ਕੰਮ `ਤੇ ਆਉਣ ਦੇ ਯੋਗ ਨਹੀਂ ਹੋ ਸਕਿਆ ਕਿਉਂਕਿ ਉਸਨੂੰ ਬਹੁਤ ਵੱਡਾ ਸਦਮਾ ਲੱਗਾ ਹੈ। ਹਮਲੇ ਤੋਂ ਬਾਅਦ ਉਸਦੀ ਪਤਨੀ ਦਾ ਵੀ ਗਰਭਪਾਤ ਹੋ ਗਿਆ ਸੀ ਕਿਉਂਕਿ ਉਹ ਵੀ ਆਪਣੇ ਪਤੀ ਦੀ ਹਾਲਤ ਕਾਰਨ ਮਾਨਸਿਕ ਬੋਝ ਥੱਲੇ ਆ ਗਈ ਸੀ। ਹਾਲਾਂਕਿ ਨਾਬਿਨ ਪਹਿਲਾਂ ਨਾਲੋਂ ਠਕਿ ਹੈ ਅਤੇ ਹੌਲੀ-ਹੌਲੀ ਪੂਰਾ ਤੰਦਰੁਸਤ ਹੋਣ ਦੀ ਉਮੀਦ ਹੈ।
ਦੂਜੇ ਪਾਸੇ ਮੁਲਜ਼ਮ ਟਰਾਇਡ ਟਾਹੂ ਨੂੰ ਫਰਵਰੀ `ਚ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ ਅਤੇ ਇਸ ਵੇਲੇ ਜੇਲ੍ਹ `ਚ ਬੰਦ ਹੈ, ਜਿਸਨੇ ਗੱਡੀਆਂ ਖੋਹਣ ਵਾਲੀਆਂ ਵਾਰਦਾਤਾਂ ਵੀ ਕੀਤੀਆਂ ਹੋਈਆਂ ਹਨ।
ਫੋਟੋ : ਡੇਅਰੀ ਮਾਲਕ ਪੁਨੀਤ ਸਿੰਘ ਅਤੇ ਇਨਸੈੱਟ (ਮੁਲਜ਼ਮ ਟਰਾਇਡ ਟਾਹੂ)