ਮੈਲਬਰਨ: ਅਮਰੀਕਾ ਵੱਲੋਂ ਉਸ ਦੇ ਇੱਕ ਨਾਗਰਿਕ ਦੇ ਕਤਲ ਦੀ ਸਾਜਿਸ਼ ਦਾ ਦੋਸ਼ ਭਾਰਤ ’ਤੇ ਲਾਉਣ ਦੇ ਦਾਅਵਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰੀ ਜਵਾਬ (PM Modi breaks silence) ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਵੀ ਸਬੂਤ ‘ਤੇ ਗੌਰ ਕਰਨਗੇ ਪਰ ਕੁਝ ਘਟਨਾਵਾਂ ਅਮਰੀਕਾ-ਭਾਰਤ ਸਬੰਧਾਂ ਨੂੰ ਪਟੜੀ ਤੋਂ ਨਹੀਂ ਉਤਾਰ ਸਕਦੀਆਂ।
ਯੂ.ਕੇ. ਦੀ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ ‘ਚ ਮੋਦੀ ਨੇ ਕਿਹਾ, ‘‘ਜੇਕਰ ਕੋਈ ਸਾਨੂੰ ਕੋਈ ਜਾਣਕਾਰੀ ਦਿੰਦਾ ਹੈ ਤਾਂ ਅਸੀਂ ਉਸ ‘ਤੇ ਜ਼ਰੂਰ ਵਿਚਾਰ ਕਰਾਂਗੇ। ਜੇ ਸਾਡੇ ਕਿਸੇ ਨਾਗਰਿਕ ਨੇ ਕੁਝ ਚੰਗਾ ਜਾਂ ਮਾੜਾ ਕੀਤਾ ਹੈ, ਤਾਂ ਅਸੀਂ ਇਸ ਦੀ ਜਾਂਚ ਕਰਨ ਲਈ ਤਿਆਰ ਹਾਂ। ਸਾਡੀ ਵਚਨਬੱਧਤਾ ਕਾਨੂੰਨ ਦੇ ਸ਼ਾਸਨ ਪ੍ਰਤੀ ਹੈ।’’ ਅਮਰੀਕਾ ਨੇ ਹਾਲ ਹੀ ‘ਚ ਭਾਰਤ ‘ਤੇ ਆਪਣੇ ਨਾਗਰਿਕ ਅਤੇ ਵੱਖਵਾਦੀ ਸਿੱਖ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਜਨਰਲ ਕਾਊਂਸਲ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ ਲਾਇਆ ਸੀ। ਭਾਰਤ ਨੇ ਪੰਨੂ ਨੂੰ ਅੱਤਵਾਦੀ ਕਰਾਰ ਦਿੱਤਾ ਹੋਇਆ ਹੈ।
ਇਹ ਵੀ ਪੜ੍ਹੋ : ‘ਪੰਨੂ ਕਤਲ ਸਾਜ਼ਸ਼’ ਮਾਮਲਾ : ਨਿਖਿਲ ਗੁਪਤਾ (Nikhil Gupta) ਕੇਸ ‘ਚ ਭਾਰਤੀ ਅਦਾਲਤਾਂ ਦਾ ਅਧਿਕਾਰ ਖੇਤਰ ਨਹੀਂ : ਚੈੱਕ ਮੰਤਰਾਲਾ – Sea7 Australia
ਇੰਟਰਵਿਊ ਦੌਰਾਨ ਵਿਦੇਸ਼ਾਂ ‘ਚ ਸਥਿਤ ਕੁਝ ਕੱਟੜਪੰਥੀ ਸਮੂਹਾਂ ਦੀਆਂ ਗਤੀਵਿਧੀਆਂ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੋਦੀ ਨੇ ਕਿਹਾ, ‘‘ਇਹ ਤੱਤ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ‘ਚ ਡਰਾਉਣ-ਧਮਕਾਉਣ ਅਤੇ ਹਿੰਸਾ ਭੜਕਾਉਣ ‘ਚ ਲੱਗੇ ਹੋਏ ਹਨ।’’ ਮੋਦੀ ਨੇ ਅੱਗੇ ਕਿਹਾ, ‘‘ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਾਕਤਵਰ ਦੋ-ਪੱਖੀ ਸਮਰਥਨ ਹੈ, ਜੋ ਇੱਕ ਪਰਿਪੱਕ ਅਤੇ ਸਥਿਰ ਭਾਈਵਾਲੀ ਦਾ ਸਪੱਸ਼ਟ ਸੰਕੇਤ ਹੈ।’’ ਉਨ੍ਹਾਂ ਇਹ ਵੀ ਕਿਹਾ, ‘‘ਸੁਰੱਖਿਆ ਅਤੇ ਅੱਤਵਾਦ ਵਿਰੋਧੀ ਸਹਿਯੋਗ ਸਾਡੀ ਭਾਈਵਾਲੀ ਦਾ ਮੁੱਖ ਹਿੱਸਾ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਕੁਝ ਘਟਨਾਵਾਂ ਨੂੰ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਨਾਲ ਜੋੜਨਾ ਉਚਿਤ ਹੈ।’’
ਮੋਦੀ ਨੇ ਕਿਹਾ, ‘‘ਸਾਨੂੰ ਇਸ ਤੱਥ ਨੂੰ ਸਵੀਕਾਰ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਬਹੁਪੱਖੀਵਾਦ ਦੇ ਯੁੱਗ ਵਿਚ ਰਹਿ ਰਹੇ ਹਾਂ। ਦੁਨੀਆ ਆਪਸ ‘ਚ ਜੁੜੀ ਹੋਈ ਹੈ ਅਤੇ ਇੱਕ-ਦੂਜੇ ’ਤੇ ਨਿਰਭਰ ਵੀ ਹੈ। ਇਹ ਹਕੀਕਤ ਸਾਨੂੰ ਇਹ ਮੰਨਣ ਲਈ ਮਜਬੂਰ ਕਰਦੀ ਹੈ ਕਿ ਸਾਰੇ ਮਾਮਲਿਆਂ ‘ਤੇ ਪੂਰਨ ਸਹਿਮਤੀ ਹੀ ਸਹਿਯੋਗ ਲਈ ਸ਼ਰਤ ਨਹੀਂ ਹੋ ਸਕਦੀ।’’
ਇਹ ਵੀ ਪੜ੍ਹੋ : ਅਮਰੀਕਾ ’ਚ ਪੰਨੂੰ ਦੇ ‘ਕਤਲ ਦੀ ਕੋਸ਼ਿਸ਼ ਨਾਕਾਮ’, ਆਸਟ੍ਰੇਲੀਆ ’ਚ ਵੀ ਭਾਰਤ ਵਿਰੁਧ ਉੱਠਣ ਲੱਗੇ ਸਵਾਲ! – Sea7 Australia