ਇੱਕ ਪੰਜਾਬੀ ਵਿਦਿਆਰਥੀ ਦੀ ਖੁਦਕੁਸ਼ੀ ਨੇ ਜ਼ਾਹਰ ਕੀਤੀ ਕੈਨੇਡੀਅਨ ਕਾਰ ਕਲਚਰ ਦੀ ਸਿਆਹ ਹਕੀਕਤ (Punjabi Student Suicide Case Canada)

ਮੈਲਬਰਨ: 21 ਵਰ੍ਹਿਆਂ ਦਾ ਅੰਤਰਰਾਸ਼ਟਰੀ ਵਿਦਿਆਰਥੀ ਭਵਜੀਤ ਸਿੰਘ ਕੈਨੇਡਾ ’ਚ ਮ੍ਰਿਤਕ (Punjabi Student Suicide Case Canada) ਪਾਇਆ ਗਿਆ ਸੀ। ਦੀਵਾਲੀ ਤੋਂ ਤਿੰਨ ਦਿਨ ਪਹਿਲਾਂ, 9 ਨਵੰਬਰ ਨੂੰ ਉਸ ਦੀ ਲਾਸ਼ ਆਪਣੇ ਮੈਲਟਨ, ਮਿਸੀਸਾਗਾ ਵਿਖੇ ਸਥਿਤ ਘਰ ’ਚ ਮਿਲੀ ਸੀ। ਉਸ ਦੇ ਪਰਿਵਾਰ ਦਾ ਮੰਨਣਾ ਹੈ ਕਿ ਉਸ ਨੇ ਇੱਕ ਕਾਰ ਲੋਨ ਦੇ ਦਬਾਅ ਕਾਰਨ ਖੁਦਕੁਸ਼ੀ ਕੀਤੀ ਜਿਸ ਲਈ ਉਸ ਨੂੰ ਡੀਲਰਸ਼ਿਪ ਵੱਲੋਂ ਮਜਬੂਰ ਕੀਤਾ ਗਿਆ ਸੀ।

ਭਵਜੀਤ ਦੇ ਮਾਮਾ ਬਿਕਰਮਜੀਤ ਸਿੰਘ ਅਨੁਸਾਰ ਉਸ ਦੀ ਪੜ੍ਹਾਈ ਖ਼ਤਮ ਹੋਣ ਵਾਲੀ ਸੀ ਅਤੇ ਉਹ ਆਪਣੇ ਕਾਲਜ ਅਤੇ ਨਵੀਂ ਨੌਕਰੀ ਦੀ ਜ਼ਿੰਦਗੀ ਨੂੰ ਸੰਤੁਲਨ ਸਥਾਪਤ ਕਰਨ ਲਈ ਇੱਕ ਕਾਰ ਖਰੀਦਣਾ ਚਾਹੁੰਦਾ ਸੀ। ਪੰਜਾਬ ਦੇ ਖਰੜ ’ਚ ਰਹਿਣ ਵਾਲੇ ਬਿਕਰਮਜੀਤ ਸਿੰਘ ਅਨੁਸਾਰ, ‘‘ਮੈਂ ਉਸ ਨੂੰ 5-6 ਹਜ਼ਾਰ ਡਾਲਰ ਦੀ ਪੁਰਾਣੀ ਕਾਰ ਖ਼ਰੀਦਣ ਦੀ ਸਲਾਹ ਦਿੱਤੀ ਸੀ। ਪਰ ਉਸ ਨੂੰ ਬਰੈਂਪਟਨ ਦੇ ਇੱਕ ਡੀਲਰ ਵੱਲੋਂ ਮਹਿੰਗੀ BMW X1 ਖਰੀਦਣ ਲਈ ਗੁੰਮਰਾਹ ਕੀਤਾ ਗਿਆ ਸੀ।’’ ਬਿਕਰਮਜੀਤ ਸਿੰਘ ਅਨੁਸਾਰ ਡੀਲਰ ਨੇ ਉਸ ਨੂੰ ਇਹ ਕਹਿ ਕੇ ਮਨਾ ਲਿਆ ਕਿ ਇਸ ਕਾਰ ਦੀ ਕਿਸ਼ਤ 600 ਡਾਲਰ ਪ੍ਰਤੀ ਮਹੀਨਾ ਹੀ ਹੋਵੇਗੀ, ਉਸ ਨੂੰ ਉੱਚ ਬੀਮਾ ਲਾਗਤ ਅਤੇ ਮਹਿੰਗੇ ਪਟਰੌਲ ਦੀ ਲਾਗਤ ਦਾ ਵੀ ਜ਼ਿਕਰ ਨਹੀਂ ਕੀਤਾ ਸੀ। ਡੀਲਰ ਨੇ ਇਹ ਵੀ ਸੁਝਾਅ ਦਿੱਤਾ ਕਿ ਭਵਜੀਤ ਉਬਰ ਲਈ ਗੱਡੀ ਚਲਾ ਕੇ ਆਪਣੀਆਂ ਕਿਸ਼ਤਾਂ ਦੀ ਪੂਰਤੀ ਕਰ ਸਕਦਾ ਹੈ, ਇਹ ਜ਼ਿਕਰ ਕੀਤੇ ਬਿਨਾਂ ਕਿ ਉਬਰ ਨੂੰ ਪੂਰੇ ਜੀ-ਕਲਾਸ ਲਾਇਸੈਂਸ ਦੀ ਜ਼ਰੂਰਤ ਹੈ, ਜੋ ਭਵਜੀਤ ਕੋਲ ਨਹੀਂ ਸੀ।

ਪਰਿਵਾਰ ਅਨੁਸਾਰ ਉਨ੍ਹਾਂ ਦੇ ਕਹਿਣ ’ਤੇ ਜਦੋਂ ਭਵਜੀਤ ਨੇ ਸੌਦਾ ਰੱਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੀਲਰਸ਼ਿਪ ਨੇ ਉਸ ’ਤੇ ਅਜਿਹਾ ਨਾ ਕਰਨ ਦਾ ਦਬਾਅ ਪਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਭਵਜੀਤ ਨੇ ਕਦੇ ਸੰਪਰਕ ਨਹੀਂ ਕੀਤਾ। ਉਸ ਦੇ ਪਰਿਵਾਰ ਨੂੰ ਸਿਰਫ਼ ਇੱਕ ਨੋਟ ਮਿਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦਾ ਕਾਰ ਲੋਨ ਮਨਜ਼ੂਰ ਹੋ ਗਿਆ ਸੀ ਅਤੇ ਉਸ ਨੂੰ ਲੱਗਿਆ ਕਿ ਉਹ ਮੁਸੀਬਤ ਵਿੱਚ ਫਸੇ ਬਿਨਾਂ ਪਿੱਛੇ ਨਹੀਂ ਹਟ ਸਕਦਾ। ਉਸ ਦੇ ਮਾਮੇ ਨੇ ਕਿਹਾ, ‘‘ਇਸ ਤੋਂ ਪਤਾ ਲਗਦਾ ਹੈ ਕਿ ਡੀਲਰਸ਼ਿਪ ਕਿਸ ਤਰ੍ਹਾਂ ਉਸ ’ਤੇ ਸੌਦਾ ਰੱਦ ਨਾ ਕਰਨ ਦਾ ਦਬਾਅ ਪਾ ਰਹੀ ਸੀ।’’

ਇੰਝ ਫਸਾਇਆ ਜਾਂਦਾ ਹੈ ਕਾਰ ਕਰਜ਼ ਦੇ ਜਾਲ ’ਚ

ਜਦੋਂ ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਭਵਜੀਤ ਸਿੰਘ 2022 ’ਚਚ ਕੈਨੇਡਾ ਪਹੁੰਚਿਆ ਤਾਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਗਈ, ਜਿਸ ਵਿਚ ਗ੍ਰੇਟਰ ਟੋਰਾਂਟੋ ਏਰੀਆ ਵਿਚ ਕਾਰ ਡੀਲਰਸ਼ਿਪ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਗਏ ਹਨ। ਇਸ ਸਕਿਟ ਨੂੰ ਲੱਖਾਂ ਲੋਕਾਂ ਨੇ ਦੇਖਿਆ, ਜਿਸ ਵਿਚ ਇਕ ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਨੂੰ BMW 5 ਸੀਰੀਜ਼ ਲਈ 50,000 ਡਾਲਰ ਦਾ ਕਰਜ਼ਾ ਲੈਣ ਲਈ ਇਕ ਡੀਲਰ ਦਾ ਧੰਨਵਾਦ ਕਰਦੇ ਹੋਏ ਦਿਖਾਇਆ ਗਿਆ ਹੈ। ਇਸ ਸਕਿੱਟ ਨੂੰ ਦੱਖਣੀ ਏਸ਼ੀਆਈ-ਅਧਾਰਤ ਕੈਨੇਡੀਅਨ ਰੇਡੀਓ ’ਤੇ ਕਾਰ ਡੀਲਰਸ਼ਿਪ ਇਸ਼ਤਿਹਾਰਾਂ ਦੇ ਦਾਅਵੇ ਸੱਚ ਵਿਖਾਉਣ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਪ੍ਰਮਾਣਿਕ ਮੰਨਿਆ ਗਿਆ ਸੀ।

ਇਹ ਡੀਲਰਸ਼ਿਪ ਅਕਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਨਵੇਂ ਆਏ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਇਨ੍ਹਾਂ ਨੂੰ ਉੱਤਰੀ ਅਮਰੀਕਾ ਦੇ ਕਾਰ ਸੱਭਿਆਚਾਰ ਅਤੇ ਕੰਮ ਤੇ ਜ਼ਿੰਦਗੀ ਲਈ ਅਹਿਮ ਜ਼ਰੂਰਤਾਂ ਪੂਰੀਆਂ ਕਰਨ ਲਈ ਗੱਡੀਆਂ ਦੀ ਜ਼ਰੂਰਤ ਕਾਰਨ ਕਾਰ ਖ਼ਰੀਦਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਖ਼ਾਸਕਰ ਕੈਨੇਡਾ ਵਿੱਚ। ਹਾਲਾਂਕਿ, ਤਨਖਾਹ ਸਟੱਬ, ਕ੍ਰੈਡਿਟ ਸਕੋਰ ਅਤੇ ਹੋਰ ਦਸਤਾਵੇਜ਼ਾਂ ਦੀ ਜ਼ਰੂਰਤ ਕਾਰਨ ਨਵੇਂ ਆਉਣ ਵਾਲਿਆਂ ਲਈ ਆਟੋ ਲੋਨ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ। ਕੁਝ ਡੀਲਰ ਨਰਮ ਸ਼ਰਤਾਂ ਦੇ ਨਾਲ ਕਰਜ਼ ਦੀ ਪੇਸ਼ਕਸ਼ ਕਰਦੇ ਹਨ, ਜਦਕਿ ਕਈ ਡੀਲਰ ਕਰਜ਼ੇ ਦੇਣ ਲਈ ਆਮਦਨ ਦੇ ਝੂਠੇ ਸਬੂਤ ਦਾ ਸਹਾਰਾ ਵੀ ਲੈ ਲੈਂਦੇ ਹਨ। ਇਨ੍ਹਾਂ ਸ਼ੱਕੀ ਕਰਜ਼ਿਆਂ ਨੂੰ ਅਕਸਰ ਕੈਨੇਡੀਅਨ ਕਰਜ਼ਾ ਉਦਯੋਗ ਵਿੱਚ ‘ਬਰੈਂਪਟਨ ਲੋਨ’ ਕਿਹਾ ਜਾਂਦਾ ਹੈ।

ਕਾਰ ਡੀਲਰਸ਼ਿਪ ਨੇ ਆਪਣੀਆਂ ਕਾਰਵਾਈਆਂ ਨੂੰ ਦੱਸਿਆ ਜਾਇਜ਼

ਭਵਜੀਤ ਨੂੰ ਕਰਜ਼ਾ ਪ੍ਰਾਪਤ ਕਰਨ ’ਚ ਮਦਦ ਕਰਨ ਵਾਲੀ ਡੀਲਰਸ਼ਿਪ ਦਾ ਕਹਿਣਾ ਹੈ ਕਿ ਉਸ ਦੀ ਕਾਗਜ਼ੀ ਕਾਰਵਾਈ ਜਾਇਜ਼ ਸੀ। ਗ੍ਰੇਟਰ ਟੋਰਾਂਟੋ ਏਰੀਆ ਦੀ ਪ੍ਰਮੁੱਖ ਕਾਰ ਡੀਲਰਸ਼ਿਪ 22ਜੀ ਆਟੋ ਸੇਲਜ਼ ਦੇ ਮਾਲਕ ਮਨੀ ਬੋਪਾਰਾਏ ਨੇ ਭਵਜੀਤ ਸਿੰਘ ਦੇ ਕਾਰ ਲੋਨ ਨੂੰ ਲੈ ਕੇ ਭਵਜੀਤ ਸਿੰਘ ਦੇ ਮਾਮੇ ਦਾ ਵਿਰੋਧ ਕੀਤਾ ਹੈ। ਬੋਪਾਰਾਏ ਨੇ ਦੱਸਿਆ ਕਿ ਭਵਜੀਤ ਕਾਰ ਤੋਂ ਸੰਤੁਸ਼ਟ ਜਾਪਦਾ ਸੀ ਅਤੇ ਉਸ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਇਸ ਨੂੰ ਚੁੱਕਣ ਲਈ ਹਾਮੀ ਵੀ ਭਰ ਦਿੱਤੀ ਸੀ। ਉਸ ਨੇ ਅੱਗੇ ਕਿਹਾ ਕਿ ਭਵਜੀਤ ਨੇ ਡੀਲਰਸ਼ਿਪ ਨੂੰ ਬੇਨਤੀ ਕੀਤੀ ਸੀ ਕਿ ਉਸ ਦਾ ਪੰਜਾਬ ਸਥਿਤ ਪਰਿਵਾਰ ਉਸ ਵੱਲੋਂ ਮਹਿੰਗੀ ਕਾਰ ਖ਼ਰੀਦਣ ਵਿਰੁੱਧ ਸੀ ਅਤੇ ਜਦੋਂ ਤੱਕ ਉਸ ਦੇ ਪਰਿਵਾਰ ਵਿੱਚ ਤਣਾਅ ਘੱਟ ਨਹੀਂ ਹੋ ਜਾਂਦਾ ਉਦੋਂ ਤੱਕ ਕਾਰ ਨੂੰ ਸੱਤ ਦਿਨਾਂ ਲਈ ਰੋਕਿਆ ਜਾਵੇ, ਜਿਸ ’ਤੇ ਉਹ ਸਹਿਮਤ ਹੋ ਗਏ।

22ਜੀ (ਬਾਈ ਜੀ) ਆਟੋ ਸੇਲਜ਼, ਜਿਸ ਦੇ ਬਰੈਂਪਟਨ ਵਿੱਚ ਦੋ ਸ਼ੋਅਰੂਮ ਅਤੇ ਕੈਲੇਡਨ ਵਿੱਚ ਇੱਕ ਸ਼ੋਅਰੂਮ ਹੈ, ਨੇ ਕਾਰਾਂ ਦੇ ਵੱਖੋ-ਵੱਖ ਮਾਡਲ ਅਤੇ ਨਰਮ ਉਧਾਰ ਦੀਆਂ ਸ਼ਰਤਾਂ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਬੋਪਾਰਾਏ ਨੇ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਵਿੱਚ 2017 ਤੋਂ ਬਾਅਦ ਹੋਏ ਵੱਡੇ ਵਾਧੇ ਦੇ ਆਪਣੇ ਕਾਰੋਬਾਰ ’ਤੇ ਪੈਣ ਵਾਲੇ ਅਸਰ ਨੂੰ ਸਵੀਕਾਰ ਕੀਤਾ। ਇੱਕ ਪੋਡਕਾਸਟ ਦੌਰਾਨ, ਮਨੀ ਬੋਪਾਰਾਏ ਨੇ ਆਪਣੇ ਕਾਰੋਬਾਰ ’ਤੇ ਅਚਾਨਕ ਪਏ ਅਸਰ ਨੂੰ ਸਵੀਕਾਰ ਕਰਦਿਆਂ ਕਿਹਾ, ‘‘ਸਾਨੂੰ ਇਸ ਦੀ ਉਮੀਦ ਨਹੀਂ ਸੀ। ਜਿਵੇਂ ਹੀ ਅਸੀਂ ਸ਼ੁਰੂਆਤ ਕੀਤੀ, ਵਿਦਿਆਰਥੀ ਵੱਡੀ ਗਿਣਤੀ ਵਿੱਚ ਕੈਨੇਡਾ ਆਉਣੇ ਸ਼ੁਰੂ ਹੋ ਗਏ, ਅਤੇ ਇਸ ਨੇ ਸਾਡੀ ਵਿਕਰੀ ਨੂੰ ਵਧਾ ਦਿੱਤਾ।’’ ਉਨ੍ਹਾਂ ਨੇ ਕਾਰਾਂ ਦੀ ਵਿਕਰੀ ’ਚ ਵਾਧੇ ਨੂੰ ਸਿੱਧੂ ਮੂਸੇਵਾਲਾ ਦੇ ਸਮਕਾਲੀ ਉਭਾਰ ਦਾ ਸਿਹਰਾ ਵੀ ਦਿੱਤਾ, ਜੋ ਖੁਦ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਜਿਸ ਦੇ ਸ਼ੁਰੂਆਤੀ ਗੀਤ ਫੈਂਸੀ ਕਾਰਾਂ ਅਤੇ ਬੰਦੂਕਾਂ ਦੇ ਦੁਆਲੇ ਘੁੰਮਦੇ ਸਨ। ਬੋਪਾਰਾਏ ਨੇ ਕਿਹਾ, ‘‘ਅਸੀਂ ਕਾਰ ਦੀ ਵਿਕਰੀ ਲਈ ਸੋਸ਼ਲ ਮੀਡੀਆ ਦੀ ਵਿਆਪਕ ਵਰਤੋਂ ਕਰਨ ’ਚ ਮੋਢੀ ਰਹੇ। ਜਦੋਂ ਵੀ ਸਿੱਧੂ ਦਾ ਕੋਈ ਗਾਣਾ ਆਉਂਦਾ ਸੀ, ਅਸੀਂ ਉਸ ਦਰਸ਼ਕਾਂ ਨਾਲ ਜੁੜਨ ਲਈ ਇੰਸਟਾਗ੍ਰਾਮ ਵੀਡੀਓ ਬਣਾਉਂਦੇ ਸੀ।’’

ਹਾਲਾਂਕਿ ਬੋਪਾਰਾਏ ਦੀਆਂ ਮਾਰਕੀਟਿੰਗ ਤਕਨੀਕਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਪ੍ਰਤੀ ਟੀਚੇ ਵਾਲੀ ਪਹੁੰਚ ‘ਤੇ ਸਵਾਲ ਚੁੱਕੇ ਗਏ ਹਨ। ਉਸ ਨੇ ਆਪਣੀ ਡੀਲਰਸ਼ਿਪ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਸਿਰਫ ਕਾਰੋਬਾਰ ਕਰਦੇ ਸਨ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਫੈਸਲੇ ਉਨ੍ਹਾਂ ਦੇ ਆਪਣੇ ਸਨ। ਉਨ੍ਹਾਂ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਨਾਲ ਉਨ੍ਹਾਂ ਦੀਆਂ ਇੱਛਾਵਾਂ ਬਾਰੇ ਇਮਾਨਦਾਰ ਹੋਣ ਅਤੇ ਉਨ੍ਹਾਂ ਨੂੰ ਜੋ ਚਾਹੁੰਦੇ ਹਨ ਉਸ ਨੂੰ ਖਰੀਦਣ ਲਈ ਕਾਫ਼ੀ ਕਮਾਈ ਕਰਨ ਲਈ ਉਤਸ਼ਾਹਤ ਕਰਨ।