ਮੈਲਬਰਨ : ਆਸਟ੍ਰੇਲੀਆ `ਚ ਪਿਛਲੇ ਸਮੇਂ ਦੌਰਾਨ ਮੋਨਿਕਾ ਮਾਨ (Monika Mann) ਦੀ ਕਿਉਂ ਹੋਈ ਸੀ ਮੌਤ? ਉਸਨੇ ਹਸਪਤਾਲ ਵਿੱਚ ਦੋ ਜੁੜਵੀਆਂ ਧੀਆਂ ਨੂੰ ਜਨਮ ਦਿੱਤਾ ਸੀ ਪਰ ਆਪਣੇ ਘਰ ਜਾਣ ਤੋਂ 12 ਘੰਟੇ ਪਿੱਛੋਂ ਉਸਦੀ ਮੌਤ ਹੋ ਗਈ ਸੀ। ਨਵੀਂ ਜਾਂਚ ਨੇ ਨਵੇਂ ਤੱਥਾਂ ਤੋਂ ਪਰਦਾ ਚੁੱਕ ਦਿੱਤਾ ਹੈ। ਉਸਦੇ ਪਤੀ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਮੋਨਿਕਾ ਮਾਨ ਦੀ 15 ਮਈ ਨੂੰ ਮੌਤ ਹੋ ਗਈ ਸੀ। ਉਸ ਤੋਂ ਪਹਿਲਾਂ ਉਹ ਵੈਸਟਰਨ ਆਸਟ੍ਰੇਲੀਆ ਦੇ ਫਾਉਨਾ ਸਟੈਨਲੇਅ ਹਸਪਤਾਲ (Fiona Stanley Hospital) ਵਿੱਚ ਦਾਖ਼ਲ ਸੀ ਅਤੇ ਉਸਨੇ ਦੋ ਜੁੜਵਾਂ ਧੀਆਂ ਨੂੰ ਸ-ਸੈਕਸ਼ਨ ਰਾਹੀਂ ਜਨਮ ਦਿੱਤਾ ਸੀ। ਜਿਸ ਪਿੱਛੋਂ ਹਸਪਤਾਲ ਦੇ ਸਟਾਫ਼ ਨੇ ਉਸਨੂੰ ਛੁੱਟੀ ਦੇ ਦਿੱਤੀ ਸੀ ਪਰ ਘਰ ਜਾ ਕੇ 12 ਘੰਟਿਆਂ ਬਾਅਦ ਹੀ ਉਸਦੀ ਮੌਤ ਹੋ ਗਈ ਸੀ।
ਜਿਸ ਪਿੱਛੋਂ ਹਸਪਤਾਲ ਨੇ ਆਪਣੇ ਪੱਧਰ `ਤੇ ਜਾਂਚ ਕਰਕੇ ਦੱਸਿਆ ਕਿ ਮੋਨਿਕਾ ਦੀ ਮੌਤ ਦਿਮਾਗ ਦੀ ਨਾੜੀ ਫਟਣ ਨਾਲ ਹੋਈ ਸੀ।
ਪਰ ਹੁਣ ਨਵੀਂ ਜਾਂਚ ਨੇ ਖੁਲਾਸਾ ਕੀਤਾ ਹੈ ਕਿ ਹਸਪਤਾਲ ਨੇ ਆਪਣੇ ਹੀ ਪ੍ਰੋਟੋਕੋਲ ਦੀ ਉਲੰਘਣਾ ਕਰਦਿਆਂ ਪਹਿਲਾਂ ਹੀ ਛੁੱਟੀ ਦੇ ਦਿੱਤੀ ਸੀ। ਭਾਵ ਉਸਨੂੰ ਇਲਾਜ ਵਾਸਤੇ ਕੁੱਝ ਦਿਨ ਹੋਰ ਹਸਪਤਾਲ ਵਿੱਚ ਰੱਖਿਆ ਜਾਣਾ ਚਾਹੀਦਾ ਸੀ ਅਤੇ ਛੇਤੀ ਛੁੱਟੀ ਨਹੀਂ ਦੇਣੀ ਚਾਹੀਦੀ ਸੀ। ਜਿਸ ਕਰਕੇ ਮੋਨਿਕਾ ਨੂੰ ਕੁੱਝ ਸਮਾਂ ਹੋਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖ ਕੇ ਇਲਾਜ ਕੀਤਾ ਜਾਣਾ ਚਾਹੀਦਾ ਸੀ। ਇਸ ਤੋਂ ਇਲਾਵਾ ਛੁੱਟੀ ਦੇਣ ਤੋਂ ਪਹਿਲਾਂ ਡਾਕਟਰਾਂ ਵੱਲੋਂ ਚੰਗੀ ਤਰ੍ਹਾਂ ਵਿਚਾਰ ਕਰਨੀ ਚਾਹੀਦੀ ਸੀ ਕਿ ਉਹ ਛੁੱਟੀ ਦੇਣ ਦੇ ਯੋਗ ਹੈ ਜਾਂ ਕੁੱਝ ਸਮਾਂ ਹੋਰ ਹਸਪਤਾਲ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
ਭਾਵਿਕਾ ਅਤੇ ਭਵਿੱਸਿ਼ਆ ਨਾਂ ਦੀਆਂ ਧੀਆਂ ਦੀ ਮਾਂ ਮੋਨਿਕਾ ਦੇ ਪਤੀ ਸੰਦੀਪ ਮਾਨ ਨੇ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।