ਮੈਲਬਰਨ: ਆਸਟ੍ਰੇਲੀਆਈ ਪਰਿਵਾਰ ਜੇਕਰ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਵੱਧ ਕਰਨ ਲੱਗ ਪੈਣ ਤਾਂ ਪ੍ਰਤੀ ਸਾਲ ਆਪਣੇ 450 ਡਾਲਰ ਬਚਾ ਸਕਦੇ ਹਨ ਕਿਉਂਕਿ ਗੈਸ ਦੀਆਂ ਕੀਮਤਾਂ ਬਿਜਲੀ ਦੀ ਦਰ ਨਾਲੋਂ ਲਗਭਗ ਦੁੱਗਣੀ ਰਫ਼ਤਾਰ ਨਾਲ ਵਧ ਰਹੀਆਂ ਹਨ। ਮੋਨਾਸ਼ ਯੂਨੀਵਰਸਿਟੀ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਘਰਾਂ ’ਚ ਊਰਜਾ ਜ਼ਰੂਰਤਾਂ ਨੂੰ ਵੱਧ ਤੋਂ ਵੱਧ ਬਿਜਲੀ ਨਾਲ ਪੂਰਾ ਕੀਤਾ ਜਾਵੇ ਤਾਂ ਦੇਸ਼ ਭਰ ਵਿੱਚ ਸਲਾਨਾ 4.9 ਅਰਬ ਡਾਲਰ ਦੀ ਬੱਚਤ ਹੋ ਸਕਦੀ ਹੈ।
ਗੈਸ ਦੀਆਂ ਕੀਮਤਾਂ ਵਧਣ ਨਾਲ ਘੱਟ ਆਮਦਨੀ ਵਾਲੇ ਲੋਕਾਂ ਨੂੰ ਵਿੱਤੀ ਤੌਰ ’ਤੇ ਸਭ ਤੋਂ ਵੱਧ ਮਾਰ ਪੈਂਦੀ ਹੈ, ਨਾਲ ਹੀ ਉਨ੍ਹਾਂ ਨੂੰ ਗੈਸ ਵੱਲੋਂ ਘਰ ਅੰਦਰ ਮਚਾਏ ਜਾਂਦੇ ਪ੍ਰਦੂਸ਼ਣ ਕਾਰਨ ਹੋਣ ਵਾਲੇ ਬੁਰੇ ਸਿਹਤ ਪ੍ਰਭਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਹ ਪ੍ਰਦੂਸ਼ਣ ਸਾਹ ਦੀਆਂ ਸਮੱਸਿਆਵਾਂ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹਨ।
ਮੋਨਾਸ਼ ਰਿਸਰਚ ਹੱਬ ਦੇ ਪ੍ਰੋਜੈਕਟ ਕੋਆਰਡੀਨੇਟਰ ਅਮੇਲੀਆ ਪੀਅਰਸਨ ਨੇ ਕਿਹਾ ਕਿ ਊਰਜਾ ਲਈ ਬਿਜਲੀ ’ਤੇ ਨਿਰਭਰ ਘਰ ਲੰਬੇ ਸਮੇਂ ਵਿੱਚ ਵਧੇਰੇ ਸਸਤੇ ਪੈ ਸਕਦੇ ਹਨ ਅਤੇ ਸਿਹਤ ਵਿੱਚ ਵੀ ਸੁਧਾਰ ਕਰ ਸਕਦੇ ਹਨ। ਗੈਸ ਦੀ ਵਰਤੋਂ ਮੁੱਖ ਤੌਰ ’ਤੇ ਘਰ ਨੂੰ ਗਰਮ ਰੱਖਣ ਲਈ ਕੀਤੀ ਜਾਂਦੀ ਹੈ, ਜੋ ਕਿ ਖਪਤ ਦਾ 57 ਪ੍ਰਤੀਸ਼ਤ ਹੈ, ਜਦੋਂ ਕਿ ਪਾਣੀ ਗਰਮ ਕਰਨ ਦਾ ਯੋਗਦਾਨ ਲਗਭਗ 35 ਪ੍ਰਤੀਸ਼ਤ ਅਤੇ ਖਾਣਾ ਬਣਾਉਣ ਵਿੱਚ ਲਗਭਗ 5 ਪ੍ਰਤੀਸ਼ਤ ਹੈ।
ਘਰ ਇਲੈਕਟ੍ਰਿਕ ਵਾਟਰ ਹੀਟਿੰਗ ਨਾਲ 2 ਅਰਬ ਡਾਲਰ ਤੋਂ ਵੱਧ, ਇਲੈਕਟ੍ਰਿਕ ਸਪੇਸ ਹੀਟਿੰਗ ਰਾਹੀਂ 1 ਅਰਬ ਡਾਲਰ ਤੋਂ ਵੱਧ ਅਤੇ ਖਾਣਾ ਬਣਾਉਣ ਲਈ ਬਿਜਲੀ ਦਾ ਪ੍ਰਯੋਗ ਕਰ ਕੇ 340 ਅਰਬ ਡਾਲਰ ਤੋਂ ਵੱਧ ਦੀ ਬਚਤ ਕਰ ਸਕਦੇ ਹਨ। ਰਿਪੋਰਟ ’ਚ ਕਿਹਾ ਗਿਆ ਕਿ ਘਰਾਂ ਦੇ ਬਿਜਲੀਕਰਨ ਨਾਲ 20,000 ਫੁੱਲ-ਟਾਈਮ ਨੌਕਰੀਆਂ ਵੀ ਪੈਦਾ ਹੋਣਗੀਆਂ।