ਪ੍ਰਸ਼ਾਸਨ ਦੀ ਗਲਤੀ ਹਜ਼ਾਰਾਂ ਵਿਦਿਆਰਥੀਆਂ ਲਈ ਸਾਬਤ ਹੋਈ ਵਰਦਾਨ, ਲੱਖਾਂ ਡਾਲਰ ਦੇ ਕਰਜ਼ (HECS/HELP debts) ਤੋਂ ਮਿਲੀ ਰਾਹਤ

ਮੈਲਬਰਨ: ਪ੍ਰਸ਼ਾਸਨ ਦੀ ਗਲਤੀ ਕਾਰਨ ਹਜ਼ਾਰਾਂ ਵਿਦਿਆਰਥੀਆਂ ਦੇ HECS/HELP ਕਰਜ਼ੇ ਦਾ ਕੁਝ ਹਿੱਸਾ ਮੁਆਫ਼ ਹੋਵੇਗਾ। HECS ਲੋਨ ਰਿਕਾਰਡ ਦੇਰੀ ਕਾਰਨ 104 ਸੰਸਥਾਵਾਂ ਦੇ ਲਗਭਗ 13,748 ਵਿਅਕਤੀ ਪ੍ਰਭਾਵਿਤ ਹੋਏ ਹਨ। ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਮੌਜੂਦਾ ਅਤੇ ਸਾਬਕਾ ਉੱਚ ਸਿੱਖਿਆ ਵਾਲੇ ਵਿਦਿਆਰਥੀਆਂ ਦੇ ਰਿਕਾਰਡਾਂ ਨੂੰ ਸਹੀ ਕਰਨ ਲਈ ਸਾਲ ਦੀ ਸ਼ੁਰੂਆਤ ਤੋਂ ਯੂਨੀਵਰਸਿਟੀਆਂ ਨਾਲ ਕੰਮ ਕਰ ਰਿਹਾ ਹੈ, ਜਿਨ੍ਹਾਂ ਦੇ ਕਰਜ਼ੇ ਦੇ ਰਿਕਾਰਡ ਗੁੰਮ ਹੋਈ ਜਾਣਕਾਰੀ ਕਾਰਨ ਆਸਟ੍ਰੇਲੀਆਈ ਟੈਕਸੇਸ਼ਨ ਦਫਤਰ (ATO) ਨੂੰ ਟ੍ਰਾਂਸਫਰ ਨਹੀਂ ਹੋਏ।

ਵਿਭਾਗ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਇਹ ਯਕੀਨੀ ਬਣਾਉਣ ਲਈ ਕਿ ਪ੍ਰਭਾਵਿਤ ਵਿਅਕਤੀ ਨਾਲ ਕਿਤੇ ਵਿੱਤੀ ਰੂਪ ’ਚ ਧੱਕਾ ਨਾ ਹੋ ਜਾਵੇ, ਆਸਟ੍ਰੇਲੀਆਈ ਸਰਕਾਰ ਪਿਛਲੇ ਸਾਲਾਂ ਅਤੇ 2023 ਲਈ ਦੇਰੀ ਨਾਲ ਕੀਤੇ ਗਏ ਕਰਜ਼ਿਆਂ ’ਤੇ ਸਾਲਾਨਾ indexation ਨੂੰ ਮੁਆਫ ਕਰ ਦੇਵੇਗੀ। HECS/HELP ਕਰਜ਼ਿਆਂ ਦਾ ਕੁੱਲ ਮੁੱਲ 740 ਲੱਖ ਡਾਲਰ ਦੇ ਬਰਾਬਰ ਹੈ। ਇਨ੍ਹਾਂ ਕਰਜ਼ਿਆਂ ’ਤੇ ਲਾਗੂ ਹੋਣ ਵਾਲੇ indexation ਨੂੰ ਮੁਆਫ ਕੀਤਾ ਜਾ ਰਿਹਾ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਜਾਣਕਾਰੀ ਜ਼ਿਆਦਾਤਰ ਵਿਦਿਆਰਥੀ ਦੇ ਟੈਕਸ ਫਾਈਲ ਨੰਬਰਾਂ ਅਤੇ ਅਗਾਊਂ ਲੋਨ ਛੋਟ ਦੀ ਅਰਜ਼ੀ ਨਾਲ ਜੁੜੀਆਂ ਗਲਤੀਆਂ ਨਾਲ ਸਬੰਧਤ ਹੈ। ਜਿਹੜੇ ਲੋਕ ਪ੍ਰਭਾਵਿਤ ਹੋਏ ਹਨ ਉਨ੍ਹਾਂ ਨਾਲ ਵਿਭਾਗ ਨਾਲ ਸੰਪਰਕ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ indexation ਦਰ ਨੂੰ ਵਧਾ ਕੇ 7.1 ਪ੍ਰਤੀਸ਼ਤ ਕਰ ਦਿੱਤਾ ਗਿਆ ਸੀ। ਇਸਦਾ ਮਤਲਬ ਹੈ ਕਿ 24,770 ਡਾਲਰ ਦੇ ਔਸਤ ਕਰਜ਼ੇ ਵਾਲੇ ਕਿਸੇ ਵਿਦਿਆਰਥੀ ਲਈ, ਉਨ੍ਹਾਂ ਦਾ ਕਰਜ਼ਾ 1750 ਡਾਲਰ ਤੋਂ ਜ਼ਿਆਦਾ ਵਧ ਗਿਆ ਹੈ।

Leave a Comment