ਨਿਊਜ਼ੀਲੈਂਡ ਪਾਰਲੀਮੈਂਟ ਚੋਣਾਂ `ਚ ਪੰਜਾਬੀਆਂ ਦੇ ਹਿੱਸੇ ਨਾ ਆਈ ਜਿੱਤ

ਮੈਲਬਰਨ : ਨਿਊਜ਼ੀਲੈਂਡ ਪਾਰਲੀਮੈਂਟ ਚੋਣਾਂ ਵਿੱਚ ਭਾਵੇਂ ਸੱਤਾਧਾਰੀ ਲੇਬਰ ਪਾਰਟੀ ਨੂੰ ਹਰਾ ਕੇ ਨੈਸ਼ਨਲ ਪਾਰਟੀ ਜੇਤੂ ਰਹੀ ਹੈ ਪਰ ਇਨ੍ਹਾਂ ਚੋਣਾਂ `ਚ ਵੱਖ-ਵੱਖ ਪਾਰਟੀਆਂ ਵੱਲੋਂ ਕਿਸਮਤ ਅਜ਼ਮਾ ਰਹੇ ਤਿੰਨ੍ਹਾਂ ਪੰਜਾਬੀਆਂ ਨੂੰ ਜਿੱਤ ਨਸੀਬ ਨਾ ਹੋ ਸਕੀ।

ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਪਾਰਟੀ ਵੱਲੋਂ ਲਿਸਟ ਐਮਪੀ ਰਹਿ ਚੁੱਕੀ ਪੰਜਾਬੀ ਮੂਲ ਦੀ ਪਰਮਜੀਤ ਪਰਮਾਰ ਨੂੰ ਚੋਣਾਂ `ਚ ਨਿਰਾਸ਼ਾਜਨਕ ਹਾਰ ਵੇਖਣੀ ਪਈ। ਹਾਲਾਂਕਿ ਨਵਤੇਜ ਰੰਧਾਵਾ ਅਤੇ ਖੜਕ ਸਿੰਘ ਦੇ ਹਿੱਸੇ ਵੀ ਜਿੱਤ ਨਾ ਆ ਸਕੀ। ਹਾਲਾਂਕਿ ਉਨ੍ਹਾਂ ਨੇ ਆਪਣੇ ਪੱਧਰ `ਤੇ ਕਾਫੀ ਮਿਹਨਤ ਕਰਕੇ ਚੋਣ ਪ੍ਰਚਾਰ ਕੀਤਾ ਸੀ।

ਪਰਮਾਰ ਨੇ ਈਸਟ ਆਕਲੈਂਡ ਦੇ ਪਾਕੂਰੰਗਾ ਹਲਕੇ ਤੋਂ ਐਕਟ ਪਾਰਟੀ ਦੀ ਟਿਕਟ `ਤੇ ਚੋਣ ਲੜੀ ਸੀ ਪਰ ਉਸਨੂੰ ਸਿਰਫ਼ 992 ਵੋਟਾਂ ਹੀ ਮਿਲੀਆਂ। ਉਹ ਪਹਿਲਾਂ ਨੈਸ਼ਨਲ ਪਾਰਟੀ ਵੱਲੋਂ ਲਿਸਟ ਐਮਪੀ ਰਹਿ ਚੁੱਕੇ ਹਨ ਪਰ ਕੱੁਝ ਮਹੀਨੇ ਪਹਿਲਾਂ ਨੈਸ਼ਨਲ ਪਾਰਟੀ ਛੱਡ ਕੇ ਐਕਟ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਇਸ ਹਲਕੇ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਸਾਈਮਨ ਬਰਾਊਨ 21 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਹਨ।

ਇਸ ਤਰ੍ਹਾਂ ਨੈਸ਼ਨਲ ਪਾਰਟੀ ਵੱਲੋਂ ਸਾਊਥ ਆਕਲੈਂਡ ਦੇ ਪੈਨਮਿਉਰ-ਉਟਾਹੂਹੂ ਹਲਕੇ ਤੋਂ ਚੋਣ ਲੜਨ ਵਾਲੇ ਨਵਤੇਜ ਰੰਧਾਵਾ ਨੂੰ ਕਰੀਬ 4800 ਵੋਟਾਂ ਪਈਆਂ। ਜਦੋਂ ਵਿਰੋਧੀ ਧਿਰ ਲੇਬਰ ਪਾਰਟੀ ਦੀ ਉਮੀਦਵਾਰ ਤੇ ਮਨਿਸਟਰ ਜੈਨੀ ਸੈਲੇਸਾ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ।

ਇਸ ਤਰ੍ਹਾਂ ਲੇਬਰ ਪਾਰਟੀ ਦੇ ਉਮੀਦਵਾਰ ਖੜਕ ਸਿੰਘ ਨੇ ਵੀ ਈਸਟ ਆਕਲੈਂਡ ਦੇ ਬੌਟਨੀ ਹਲਕੇ ਤੋਂ ਚੋਣ ਲੜੀ ਸੀ ਪਰ 6317 ਵੋਟਾਂ ਹੀ ਹਾਸਲ ਕਰ ਸਕੇ। ਜਦੋਂ ਕਿ ਨੈਸ਼ਨਲ ਪਾਰਟੀ ਦੇ ਉਮੀਦਵਾਰ ਕ੍ਰਿਸਟੋਫਰ ਲੱਕਸਨ ਕਰੀਬ 20 ਹਜ਼ਾਰ ਵੋਟਾਂ ਲੈ ਕੇ ਜੇਤੂ ਰਹੇ। ਜੋ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਹਨ।

Leave a Comment