ਹੈਦਰਾਬਾਦ: ਫਾਰਮ ਵਿਚ ਚੱਲ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ’ਚ ਆਪਣਾ ਦੂਜਾ ਮੈਚ ਵੀ ਸ਼ਾਨਦਾਰ ਢੰਗ ਨਾਲ ਜਿੱਤ ਲਿਆ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ’ਚ ਪਿਛਲੇ ਚੈਂਪੀਅਨ ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਨੀਦਰਲੈਂਡ ਦੀ ਕਮਜ਼ੋਰ ਟੀਮ ਸਾਹਮਣੇ ਉਤਰੀ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਕਾਫ਼ੀ ਹੌਲੀ ਰਹੀ। ਆਰਮ ਆਫ-ਬ੍ਰੇਕ ਗੇਂਦਬਾਜ਼ ਆਰੀਅਨ ਦੱਤ ਦੋ ਦੋ ਮੇਡਨ ਓਵਰਾਂ ਕਰਨ ਪਹਿਲੇ ਤਿੰਨ ਓਵਰ ’ਚ ਨਿਊਜ਼ੀਨੈਂਡ ਦੇ ਬੱਲੇਬਾਜ਼ ਕੋਈ ਦੌੜ ਨਹੀਂ ਬਣਾ ਸਕੇ। ਹਾਲਾਂਕਿ ਨੀਦਰਲੈਂਡ ਲਈ ਇਸ ਮੈਚ ’ਚ ਇਹੋ ਸਭ ਤੋਂ ਬਿਹਤਰੀਨ ਗੱਲ ਰਹੀ।
ਭਾਵੇਂ ਦੱਤ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ (40 ਗੇਂਦਾਂ ਵਿੱਚ 32 ਦੌੜਾਂ) ਨੂੰ ਵਾਪਸ ਭੇਜਣ ਵਿੱਚ ਕਾਮਯਾਬ ਰਹੇ, ਪਰ ਨੀਦਰਲੈਂਡ ਦਾ ਗੇਂਦਬਾਜ਼ ਦੌੜਾਂ ਦੇ ਪ੍ਰਵਾਹ ਨੂੰ ਰੋਕਣ ਵਿੱਚ ਅਸਫਲ ਰਿਹਾ। ਰਚਿਨ ਰਵਿੰਦਰਾ ਨੇ ਸਲਾਮੀ ਬੱਲੇਬਾਜ਼ ਵਿਲ ਯੰਗ ਨਾਲ ਮਿਲ ਕੇ ਦੂਜੀ ਵਿਕਟ ਲਈ 77 ਦੌੜਾਂ ਜੋੜੀਆਂ, ਜੋ 70 ਦੌੜਾਂ ਬਣਾ ਕੇ ਆਊਟ ਹੋ ਗਿਆ। ਰਚਿਨ ਨੇ ਵੀ ਆਪਣਾ ਵਿਕਟ ਗੁਆ ਦਿੱਤਾ ਜਦੋਂ ਉਹ 51 ਦੌੜਾਂ ’ਤੇ ਸੀ, ਪਰ ਡੇਰਿਲ ਮਿਸ਼ੇਲ (48) ਅਤੇ ਕਪਤਾਨ ਟੌਮ ਲੈਥਮ (53) ਨੇ ਕੀਵੀਆਂ ਵਲੋਂ ਸਕੋਰ ਕਰਨਾ ਜਾਰੀ ਰੱਖਿਆ। ਉਨ੍ਹਾਂ ਨੇ ਤਿੰਨ ਵਿਕਟਾਂ ਤੇਜ਼ੀ ਨਾਲ ਗੁਆ ਦਿੱਤੀਆਂ ਪਰ ਗੇਂਦਬਾਜ਼ ਆਲਰਾਊਂਡਰ ਮਿਸ਼ੇਲ ਸੈਂਟਨਰ (17 ਗੇਂਦਾਂ ’ਤੇ ਅਜੇਤੂ 36 ਦੌੜਾਂ) ਅਤੇ ਮੈਟ ਹੈਨਰੀ (4 ਗੇਂਦਾਂ ’ਤੇ ਅਜੇਤੂ 10 ਦੌੜਾਂ) ਨੇ ਟੀਮ ਨੂੰ 322 ਦੌੜਾਂ ਬਣਾਉਣ ਵਿਚ ਮਦਦ ਕੀਤੀ। ਨੀਦਰਲੈਂਡ ਲਈ ਆਰੀਅਨ ਦੇ ਨਾਲ ਪਾਲ ਵੈਨ ਮੀਕੇਰੇਨ ਅਤੇ ਰੋਇਲੋਫ ਵੈਨ ਡੇਰ ਮਰਵੇ ਨੇ ਦੋ-ਦੋ ਵਿਕਟਾਂ ਲਈਆਂ।
ਵੱਡੇ ਟੀਚੇ ਦਾ ਪਿੱਛਾ ਕਰਦਿਆਂ, ਨੀਦਰਲੈਂਡ ਨੇ ਪਿਛਲੇ ਮੈਚ ’ਚ ਅੱਧਾ ਸੈਂਕੜੇ ਜੜਨ ਵਾਲੇ ਵਿਕਰਮਜੀਤ ਸਿੰਘ (12) ਅਤੇ ਬਾਸ ਡੀ ਲੀਡੇ (18) ਦੀਆਂ ਵਿਕਟਾਂ ਛੇਤੀ ਗੁਆ ਦਿੱਤੀਆਂ, ਜਦਕਿ ਹਰਫਨਮੌਲਾ ਕੋਲਿਨ ਐਕਰਮੈਨ (69) ਨੇ ਸੰਘਰਸ਼ਪੂਰਨ ਅੱਧੇ ਸੈਂਕੜੇ ਨਾਲ ਇੱਕ ਸਿਰਾ ਸੰਭਾਲੀ ਰਖਿਆ। ਹਾਲਾਂਕਿ, ਇਹ ਨਾਕਾਫ਼ੀ ਸਾਬਤ ਹੋਇਆ ਅਤੇ ਟੂਰਨਾਮੈਂਟ ਦਾ ਇੱਕਮਾਤਰ ਸਹਿਯੋਗੀ ਦੇਸ਼ ਨੀਦਰਲੈਂਡ ਦੀ ਪੂਰੀ ਟੀਮ 223 ਦੌੜਾਂ ’ਤੇ ਆਊਟ ਹੋ ਕੇ 99 ਦੌੜਾਂ ਨਾਲ ਮੈਚ ਹਾਰ ਗਈ। ਇਹ ਟੂਰਨਾਮੈਂਟ ਦੀ ਉਨ੍ਹਾਂ ਦੀ ਲਗਾਤਾਰ ਦੂਜੀ ਹਾਰ ਵੀ ਸੀ।
ਸੈਂਟਨਰ ਨੇ ਆਪਣੀ ਧੀਮੀ ਖੱਬੇ ਹੱਥ ਦੀ ਆਰਥੋਡਾਕਸ ਸਪਿੱਨ ਨਾਲ ਨੀਦਰਲੈਂਡ ਦੀ ਬੱਲੇਬਾਜ਼ੀ ਨੂੰ ਬਿਖੇਰ ਦਿੱਤਾ ਅਤੇ ਉਸ ਨੇ 10 ਓਵਰਾਂ ਵਿੱਚ 59 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਵਿਸ਼ਵ ਕੱਪ ਵਿੱਚ ਉਸ ਨੇ ਪਹਿਲੀ ਵਾਰੀ ਪੰਜ ਵਿਕਟਾਂ ਲਈਆਂ ਹਨ। ਉਸ ਨੂੰ ਉਸ ਦੇ ਹਰਫਨਮੌਲਾ ਪ੍ਰਦਰਸ਼ਨ ਲਈ ‘ਪਲੇਅਰ ਆਫ ਦਿ ਮੈਚ’ ਵੀ ਚੁਣਿਆ ਗਿਆ।