ਮੈਲਬਰਨ;ਆਸਟ੍ਰੇਲੀਆ ਪੋਸਟ ਨੇ ਕੁਝ ਗਾਹਕਾਂ ਲਈ ਡਿਲੀਵਰੀ ਦੀ ਕੋਸ਼ਿਸ਼ ਬਾਰੇ ਜਾਣਕਾਰੀ ਦੇਣ ਵਾਲੇ ਕਾਗ਼ਜ਼ ਦੇ ਡਿਲੀਵਰੀ ਕਾਰਡ ਦੇਣੇ ਬੰਦ ਕਰ ਦਿੱਤੇ ਹਨ। ਇਹ ਬਦਲਾਅ 5 ਅਕਤੂਬਰ ਤੋਂ ਲਾਗੂ ਹੋਇਆ ਹੈ ਅਤੇ MyPost ਗਾਹਕਾਂ ਨੂੰ ਪ੍ਰਭਾਵਿਤ ਕਰੇਗਾ। ਹਾਲਾਂਕਿ ਜਿਹੜੇ ਲੋਕ MyPost ਨਾਲ ਰਜਿਸਟਰਡ ਨਹੀਂ ਹਨ, ਉਹ ਅਜੇ ਵੀ ਕਾਗਜ਼ੀ ਸੂਚਨਾਵਾਂ ਪ੍ਰਾਪਤ ਕਰਦੇ ਰਹਿਣਗੇ। ਆਸਟ੍ਰੇਲੀਆ ਪੋਸਟ ਨੇ ਕਿਹਾ ਹੈ ਕਿ ਗਾਹਕਾਂ ਦੀ ਤਰਜੀਹ ਅਨੁਸਾਰ ਉਨ੍ਹਾਂ ਨੂੰ ਈ-ਮੇਲ ਜਾਂ ਐਸ.ਐਮ.ਐਸ. ਰਾਹੀਂ, ਜਾਂ AusPost ਐਪ ’ਤੇ QR ਕੋਡ ਦੇ ਰੂਪ ਵਿੱਚ ਰਾਹੀਂ ਡਿਲੀਵਰੀ ਦੀ ਕੀਤੀ ਕੋਸ਼ਿਸ਼ ਕਰਨ ਬਾਰੇ ਸੂਚਿਤ ਕੀਤਾ ਜਾਵੇਗਾ।
ਕਾਗਜ਼ੀ ਨੋਟਿਸਾਂ ਦੀ ਤਰ੍ਹਾਂ, ਡਿਜੀਟਲ ਸੂਚਨਾਵਾਂ ਗਾਹਕਾਂ ਨੂੰ ਸਲਾਹ ਦੇਣਗੀਆਂ ਕਿ ਆਸਟ੍ਰੇਲੀਆ ਪੋਸਟ ਨੇ ਪੈਕੇਜ ਡਿਲੀਵਰ ਕਰਨ ਦੀ ਕੋਸ਼ਿਸ਼ ਕੀਤੀ, ਕਾਰਨ ਦਸਿਆ ਜਾਵੇਗਾ ਕਿ ਇਹ ਕਿਉਂ ਨਹੀਂ ਹੋ ਸਕਿਆ, ਅਤੇ ਗਾਹਕਾਂ ਨੂੰ ਦਸਿਆ ਜਾਵੇਗਾ ਕਿ ਪਾਰਸਲ ਡਾਕਖਾਨੇ ਜਾਂ ਨੇੜਲੇ ਕਲੈਕਸ਼ਨ ਪੁਆਇੰਟ ’ਤੇ ਕਦੋਂ ਪ੍ਰਾਪਤੀ ਲਈ ਤਿਆਰ ਹੋਵੇਗਾ। ਗਾਹਕਾਂ ਨੂੰ ਆਪਣੇ ਪਾਰਸਲ ਪ੍ਰਾਪਤ ਕਰਨ ਲਈ ਨੋਟੀਫ਼ੀਕੇਸ਼ਨ ਜਾਂ ਕੋਡ ਅਤੇ ਆਈ.ਡੀ. ਵਿਖਾਉਣ ਦੀ ਲੋੜ ਹੋਵੇਗੀ, ਜੋ 10 ਦਿਨਾਂ ਤਕ ਹੀ ਰਖਿਆ ਜਾਵੇਗਾ। ਡਿਜੀਟਲ ਹੋਣ ਨਾਲ ਆਸਟ੍ਰੇਲੀਆ ਪੋਸਟ ਗਾਹਕਾਂ ਲਈ ਖੁੰਝੀਆਂ ਪਾਰਸਲ ਡਿਲਿਵਰੀ ਦਾ ਪ੍ਰਬੰਧਨ ਕਰਨਾ ਆਸਾਨ ਹੋ ਜਾਵੇਗਾ ਅਤੇ ਕਾਗ਼ਜ਼ੀ ਕਾਰਡਾਂ ਦੇ ਗੁਮ ਹੋਣ, ਗੁਆਚ ਜਾਣ ਜਾਂ ਖਰਾਬ ਹੋਣ ਦਾ ਮਸਲਾ ਵੀ ਹੱਲ ਹੋ ਜਾਵੇਗਾ।
ਹਾਲਾਂਕਿ ਆਸਟ੍ਰੇਲੀਆ ਪੋਸਟ ਨੇ ਝੂਠੇ ਨੋਟੀਫ਼ੀਕੇਸ਼ਨ ਰਾਹੀਂ ਨਿਜੀ ਜਾਣਕਾਰੀ ਇਕੱਠੀ ਕਰਨ ਵਾਲੇ ਘਪਲੇਬਾਜ਼ਾਂ ਤੋਂ ਵੀ ਲੋਕਾਂ ਨੂੰ ਸੁਚੇਤ ਕੀਤਾ ਹੈ ਅਤੇ ਆਪਣੇ ਗ੍ਰਾਹਕਾਂ ਨੂੰ ਇੱਕ ਈ-ਮੇਲ ’ਚ ਕਿਹਾ, ‘‘ਯਾਦ ਰੱਖੋ ਕਿ ਅਸੀਂ ਕਦੇ ਵੀ ਕੋਈ ਨਿੱਜੀ ਜਾਂ ਵਿੱਤੀ ਵੇਰਵਿਆਂ ਨਹੀਂ ਮੰਗਾਂਗੇ ਨਾ ਹੀ ਤੁਹਾਨੂੰ ਕੋਈ ਭੁਗਤਾਨ ਕਰਨ ਲਈ ਕਹਾਂਗੇ ਨੋਟੀਫ਼ੀਕੇਸ਼ਨ ਪ੍ਰਾਪਤ ਕਰਨ ਦਾ ਸਭ ਤੋਂ ਸੁਰੱਖਿਅਤ ਤਰੀਕਾ AusPost ਐਪ ਹੀ ਹੈ।‘’