ਮੈਲਬਰਨ: ਬਜ਼ੁਰਗਾਂ ਅਤੇ ਕਮਜ਼ੋਰ ਪ੍ਰਤੀਰੋਧਕ ਸਮਰਥਾ ਵਾਲੇ ਆਸਟ੍ਰੇਲੀਅਨਾਂ ਨੂੰ ਅਗਲੇ ਮਹੀਨੇ ਤੋਂ ਜ਼ਿਆਦਾ ਅਸਰਦਾਰ ਸ਼ਿੰਗਲਸ ਵੈਕਸੀਨ ਮੁਫ਼ਤ ’ਚ ਦਿੱਤੀ ਜਾਵੇਗੀ। 1 ਨਵੰਬਰ ਤੋਂ ਸ਼ੁਰੂ ਹੋ ਰਹੇ ਟੀਕਾਕਰਣ ਲਈ ਤਕਰੀਬਨ 50 ਲੱਖ ਲੋਕ ਯੋਗ ਹੋਣਗੇ, ਜਿਨ੍ਹਾਂ ’ਚ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ, ਫ਼ਰਸਟ ਨੇਸ਼ਨਜ਼ ਦੇ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਅਤੇ ਕਮਜ਼ੋਰ ਪ੍ਰਤੀਰੋਧਕ ਸਮਰਥਾ ਵਾਲੇ 18 ਸਾਲਾਂ ਤੋਂ ਵੱਧ ਉਮਰ ਦੇ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਸ਼ਿੰਗਲਸ ਵਾਇਰਸ ਹੋਣ ਦੀ ਵੱਧ ਸੰਭਾਵਨਾ ਹੈ।
ਸ਼ਿੰਗਲਸ ਨੂੰ ਹਰਪੀਸ ਜ਼ਾਸਟਰ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਉਸੇ ਵਾਇਰਸ ਦੇ ਮੁੜ ਕਿਰਿਆਸ਼ੀਲ ਹੋਣ ਨਾਲ ਹੁੰਦਾ ਹੈ ਜੋ ਚਿਕਨਪੌਕਸ ਦਾ ਕਾਰਨ ਬਣਦਾ ਹੈ ਅਤੇ ਮੂੰਹ ਜਾਂ ਸਰੀਰ ਦੇ ਇੱਕ ਪਾਸੇ ਦਰਦਨਾਕ, ਛਾਲੇ ਦੇ ਰੂਪ ’ਚ ਪ੍ਰਗਟ ਹੁੰਦਾ ਹੈ। ਵਾਇਰਸ ਆਮ ਤੌਰ ’ਤੇ 10 ਤੋਂ 15 ਦਿਨ ਰਹਿੰਦਾ ਹੈ ਪਰ ਇਸ ਤੋਂ ਪੀੜਤ ਹਰ ਪੰਜ ਵਿਅਕਤੀਆਂ ਵਿਚੋਂ ਇਕ ਨੂੰ ਲੰਮੇ ਸਮੇਂ ਤਕ ਨਸਾਂ ’ਚ ਦਰਦ ਹੁੰਦਾ ਰਹਿੰਦਾ ਹੈ, ਜੋ ਕਿ ਧੱਫੜ ਦੇ ਖ਼ਤਮ ਹੋਣ ਤੋਂ ਕਈ ਮਹੀਨਿਆਂ ਜਾਂ ਸਾਲਾਂ ਤਕ ਹੁੰਦਾ ਰਹਿੰਦਾ ਹੈ।
ਸਿਹਤ ਅਤੇ ਬਜ਼ੁਰਗ ਦੇਖਭਾਲ ਬਾਰੇ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਫੈਡਰਲ ਸਰਕਾਰ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ (NIP) ਦੇ ਤਹਿਤ ਸ਼ਿੰਗਰਿਕਸ ਵੈਕਸੀਨ ਲਈ 826.8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ।