ਭਾਰਤੀਆਂ ਬਾਰੇ ਇਤਰਾਜ਼ਯੋਗ ਟਿਪਣੀ ਕਰ ਕੇ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਨੇ ਖੜ੍ਹਾ ਕੀਤਾ ਵਿਵਾਦ

ਮੈਲਬਰਨ : ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ Erica Stanford ਨੇ ਭਾਰਤੀਆਂ ਬਾਰੇ ਕੀਤੀ ਟਿੱਪਣੀ ਨਾਲ ਵਿਆਪਕ ਵਿਵਾਦ ਪੈਦਾ ਹੋ ਗਿਆ ਹੈ। 6 ਮਈ ਨੂੰ ਸੰਸਦੀ ਸੈਸ਼ਨ ਦੌਰਾਨ ਕੀਤੀਆਂ ਗਈਆਂ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਭਾਰਤੀ ਮੂਲ ਦੇ ਭਾਈਚਾਰੇ ਦੇ ਮੈਂਬਰਾਂ ਨੇ ਸੰਵੇਦਨਸ਼ੀਲ ਅਤੇ ਸੰਭਾਵਿਤ ਪੱਖਪਾਤੀ ਕਰਾਰ ਦਿੱਤਾ ਹੈ।

ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ Erica Stanford ਦੋਸ਼ਾਂ ਦਾ ਜਵਾਬ ਦੇ ਰਹੀ ਸੀ ਕਿ ਉਸ ਨੇ ਆਪਣੇ ਨਿੱਜੀ Gmail ਅਕਾਊਂਟ ‘ਤੇ ਸਰਕਾਰੀ ਕੰਮਕਾਜ ਦੀਆਂ ਈ-ਮੇਲਾਂ ਭੇਜੀਆਂ ਸਨ। ਆਪਣੇ ਬਚਾਅ ਵਿੱਚ, ਉਸ ਨੇ ਕਿਹਾ, ‘‘ਮੈਂ ਤਾਂ ਸਿਰਫ਼ ਇਹ ਯਕੀਨੀ ਕੀਤਾ ਕਿ ਸਭ ਕੁਝ ਰਿਕਾਰਡ ਕੀਤਾ ਗਿਆ ਸੀ ਅਤੇ ਜੋ ਜ਼ਰੂਰੀ ਸੀ ਉਸ ਨੂੰ ਮੇਰੇ ਸੰਸਦੀ ਈਮੇਲ ਪਤੇ ‘ਤੇ ਭੇਜ ਦਿੱਤਾ ਗਿਆ ਸੀ।’’ ਉਸ ਨੇ ਅੱਗੇ ਕਿਹਾ, ‘‘ਜਿਵੇਂ Kelvin Davis ਦੇ ਮਾਮਲੇ ਵਿੱਚ ਹੋਇਆ ਸੀ, ਮੈਨੂੰ ਵੀ ਵੱਡੀ ਗਿਣਤੀ ਵਿੱਚ ਅਣਚਾਹੇ ਈਮੇਲ ਮਿਲਦੇ ਹਨ। ਉਦਾਹਰਣ ਵਜੋਂ, ਭਾਰਤ ਵਿੱਚ ਇਮੀਗ੍ਰੇਸ਼ਨ ਸਲਾਹ ਮੰਗਣ ਵਾਲੇ ਵਿਅਕਤੀਆਂ ਦੀਆਂ ਈਮੇਲਾਂ ਹਨ। ਮੈਂ ਉਨ੍ਹਾਂ ਨੂੰ ਕਦੇ ਜਵਾਬ ਨਹੀਂ ਦਿੰਦੀ। ਮੈਂ ਉਨ੍ਹਾਂ ਨੂੰ ਲਗਭਗ ਸਪੈਮ ਵਰਗਾ ਮੰਨਦੀ ਹਾਂ।’’

ਇਨ੍ਹਾਂ ਟਿੱਪਣੀਆਂ ‘ਤੇ ਖਾਸ ਤੌਰ ‘ਤੇ ਭਾਰਤੀ ਮੂਲ ਦੀ ਸੰਸਦ ਮੈਂਬਰ ਅਤੇ ਲੇਬਰ ਪਾਰਟੀ ਦੀ ਪ੍ਰਤੀਨਿਧੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਕੋਲ ਮੰਤਰੀ ਦੇ ਬਿਆਨਾਂ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਿਯੰਕਾ ਰਾਧਾਕ੍ਰਿਸ਼ਨਨ ਨੇ ਕਿਹਾ, ‘‘ਅਜਿਹੀਆਂ ਟਿੱਪਣੀਆਂ ਪੂਰੇ ਭਾਈਚਾਰੇ ਬਾਰੇ ਨਕਾਰਾਤਮਕ ਧਾਰਨਾਵਾਂ ਨੂੰ ਮਜ਼ਬੂਤ ਕਰਦੀਆਂ ਹਨ। ਕਿਸੇ ਮੰਤਰੀ ਲਈ ਕਿਸੇ ਵਿਸ਼ੇਸ਼ ਨਸਲੀ ਸਮੂਹ ਨੂੰ ਇਸ ਤਰੀਕੇ ਨਾਲ ਇਕੱਲੇ ਕਰਨਾ ਅਸਵੀਕਾਰਯੋਗ ਹੈ।’’

ਜਦਕਿ ਆਲੋਚਨਾ ਦੇ ਜਵਾਬ ਵਿੱਚ, Erica Stanford ਨੇ ਇੱਕ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਉਸ ਦੀਆਂ ਟਿੱਪਣੀਆਂ ਦਾ ਗਲਤ ਅਰਥ ਕੱਢਿਆ ਗਿਆ ਸੀ। ਆਪਣੇ ਸ਼ਬਦਾਂ ਦੀ ਚੋਣ ਬਾਰੇ ਸਪੱਸ਼ਟੀਕਰਨ ਦਿੰਦਿਆਂ ਉਸ ਨੇ ਕਿਹਾ, ‘‘ਮੈਂ ਇਹ ਨਹੀਂ ਕਿਹਾ ਕਿ ਮੈਂ ਉਨ੍ਹਾਂ ਨੂੰ ਸਪੈਮ ਮੰਨਦੀ ਹਾਂ। ਮੈਂ ਸਿਰਫ ਇਹ ਕਿਹਾ ਕਿ ਮੈਂ ਉਨ੍ਹਾਂ ਨੂੰ ਲਗਭਗ ਸਪੈਮ ਵਰਗਾ ਮੰਨਦੀ ਹਾਂ।’’ ਫਿਰ ਵੀ, ਇਸ ਵਿਵਾਦ ਦੀ ਵਿਆਪਕ ਚਰਚਾ ਹੋ ਰਹੀ ਹੈ।