ਇਮੀਗ੍ਰੇਸ਼ਨ ਸਿਸਟਮ ’ਤੇ ਵਧਦਾ ਜਾ ਰਿਹੈ ਦਬਾਅ, ਸ਼ਰਨ ਲਈ 118,000 ਲੋਕਾਂ ਨੇ ਪਾਈ ਹੋਈ ਹੈ ਅਰਜ਼ੀ
ਮੈਲਬਰਨ : ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ’ਚ ਆਸਟ੍ਰੇਲੀਆ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਦਾ ਅਨੁਮਾਨ ਹੈ ਕਿ 75,400 ਤੋਂ ਵੱਧ ਲੋਕ ਦੇਸ਼ ਵਿਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਇਸ ਦਾ ਮੁੱਖ ਕਾਰਨ ਵੀਜ਼ਾ ਦੀ ਮਿਆਦ ਤੋਂ ਵੱਧ ਰਹਿਣਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਅਕਤੀ ਸ਼ੁਰੂ ਵਿੱਚ ਟੈਂਪਰੇਰੀ ਵੀਜ਼ੇ ’ਤੇ ਆਏ ਸਨ – ਜਿਵੇਂ ਕਿ ਸਟੂਡੈਂਟ ਜਾਂ ਟੂਰਿਜ਼ਮ ਵੀਜ਼ਾ – ਪਰ ਮਿਆਦ ਖਤਮ ਹੋਣ ’ਤੇ ਵੀ ਦੇਸ਼ ਛੱਡਣ ਵਿੱਚ ਅਸਫਲ ਰਹੇ ਹਨ।
ਇਸ ਤੋਂ ਇਲਾਵਾ, 31 ਦਸੰਬਰ, 2024 ਤੱਕ, ਇਮੀਗ੍ਰੇਸ਼ਨ ਹਿਰਾਸਤ ਵਿੱਚ 1,134 ਵਿਅਕਤੀ ਰੱਖੇ ਗਏ। ਜ਼ਿਕਰਯੋਗ ਹੈ ਕਿ ਇਨ੍ਹਾਂ ’ਚੋਂ 84.5 ਫੀਸਦੀ ਕੈਦੀ ਅਸਲ ’ਚ ਕਾਨੂੰਨੀ ਤੌਰ ’ਤੇ ਆਸਟ੍ਰੇਲੀਆ ’ਚ ਦਾਖਲ ਹੋਏ ਸਨ ਪਰ ਬਾਅਦ ’ਚ ਵੀਜ਼ਾ ਰੱਦ ਹੋਣ ਜਾਂ ਜ਼ਿਆਦਾ ਸਮੇਂ ਤੱਕ ਰਹਿਣ ਵਰਗੀਆਂ ਉਲੰਘਣਾਵਾਂ ਕਾਰਨ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਬਾਕੀ 15.5٪ ਹਵਾਈ ਜਾਂ ਸਮੁੰਦਰੀ ਰਸਤਿਆਂ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ। ਹਿਰਾਸਤੀ ’ਚ ਇਸ ਵੇਲੇ ਨਿਊਜ਼ੀਲੈਂਡ ਦੇ ਸਭ ਤੋਂ ਜ਼ਿਆਦਾ 188, ਈਰਾਨ ਦੇ 63, ਭਾਰਤ ਦੇ 58, ਵੀਅਤਨਾਮ ਦੇ 55 ਅਤੇ ਯੂਨਾਈਟਡ ਕਿੰਗਡਮ ਦੇ 47 ਲੋਕ ਹਨ।
ਇਹੀ ਨਹੀਂ ਆਸਟ੍ਰੇਲੀਆ ਦਾ ਸ਼ਰਨ ਸਿਸਟਮ ਵੀ ਲਗਾਤਾਰ ਵਧਦੇ ਦਬਾਅ ਹੇਠ ਹੈ। 2024 ਦੇ ਅਖ਼ੀਰ ਤਕ 118,000 ਲੋਕਾਂ ਨੇ ਸ਼ਰਨ ਲਈ ਅਰਜ਼ੀ ਪਾਈ ਸੀ। ਇਹ ਗਿਣਤੀ ਨਵੀਆਂ ਅਰਜ਼ੀਆਂ ਦੇ ਲਗਾਤਾਰ ਵਧਣ ਅਤੇ ਪਿਛਲੀਆਂ ਅਰਜ਼ੀ ਦੇ ਹੌਲੀ ਨਿਪਟਾਰੇ ਕਾਰਨ ਵਧਦੀ ਜਾ ਰਹੀ ਹੈ।