ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਜੀਵਨ ’ਤੇ ਅਧਾਰਤ ਫ਼ਿਲਮ ਬਣੇਗੀ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਕੀਤੀ ਪੁਸ਼ਟੀ

ਮੈਲਬਰਨ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਅਗਲੀ ਫ਼ਿਲਮ ‘ਕੇਸਰੀ: ਚੈਪਟਰ 3’ ’ਤੇ ਕੰਮ ਚੱਲ ਰਿਹਾ ਹੈ ਅਤੇ ਇਹ ਸਿੱਖ ਖਾਲਸਾ ਫੌਜ ਦੇ ਪਹਿਲੇ ਕਮਾਂਡਰ-ਇਨ-ਚੀਫ ਹਰੀ ਸਿੰਘ ਨਲਵਾ ਦੇ ਜੀਵਨ ’ਤੇ ਅਧਾਰਤ ਹੋਵੇਗੀ। ਨਲਵਾ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ’ਚ ਇੱਕ ਪ੍ਰਸਿੱਧ ਸਿੱਖ ਕਮਾਂਡਰ ਸੀ ਜਿਨ੍ਹਾਂ ਨੇ ਕਸ਼ਮੀਰ, ਹਜ਼ਾਰਾ ਅਤੇ ਪੇਸ਼ਾਵਰ ਦੇ ਗਵਰਨਰ ਵਜੋਂ ਸੇਵਾ ਨਿਭਾਈ, ਅਤੇ ਉਨ੍ਹਾਂ ਨੂੰ ਅਫਗਾਨ ਫੌਜਾਂ ਵਿਰੁੱਧ ਆਪਣੀਆਂ ਜਿੱਤਾਂ ਲਈ ਜਾਣਿਆ ਜਾਂਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਅਕਸ਼ੈ ਨੇ 2022 ਦੇ ਇੱਕ ਇੰਟਰਵਿਊ ਵਿੱਚ ਪਰਦੇ ’ਤੇ ਨਲਵਾ ਦਾ ਕਿਰਦਾਰ ਨਿਭਾਉਣ ਦੀ ਇੱਛਾ ਜ਼ਾਹਰ ਕੀਤੀ ਸੀ, ਅਤੇ ਹੁਣ ਇਹ ਹਕੀਕਤ ਬਣ ਰਹੀ ਹੈ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ‘ਕੇਸਰੀ ਚੈਪਟਰ 2: ਦ ਅਨਟੋਲਡ ਸਟੋਰੀ ਆਫ ਜਲ੍ਹਿਆਂਵਾਲਾ ਬਾਗ’ 18 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਕਤਲੇਆਮ ਦੇ ਪਿੱਛੇ ਦੀ ਸੱਚਾਈ ਨੂੰ ਉਜਾਗਰ ਕਰਨ ਲਈ ਬ੍ਰਿਟਿਸ਼ ਰਾਜ ਦਾ ਮੁਕਾਬਲਾ ਕਰਨ ਵਾਲੇ ਵਕੀਲ ਸੀ. ਸ਼ੰਕਰਨ ਨਾਇਰ ਦੀ ਦਲੇਰੀ ਭਰੀ ਯਾਤਰਾ ਵਿਖਾਈ ਗਈ ਹੈ।