ਅੱਜ ਤੋਂ ਭਾਰਤੀਆਂ ਲਈ ਆਸਟ੍ਰੇਲੀਆ ਅਤੇ UK ਵੀਜ਼ਾ ਦੀ ਫ਼ੀਸ ’ਚ ਹੋਇਆ ਵਾਧਾ, ਜਾਣੋ ਕੀ ਹੋਵੇਗਾ ਬਦਲਾਅ

ਮੈਲਬਰਨ : ਆਸਟ੍ਰੇਲੀਆ ਅਤੇ ਯੂ.ਕੇ. ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਹੁਣ ਆਪਣੀ ਜੇਬ੍ਹ ਥੋੜ੍ਹੀ ਹੋਰ ਢਿੱਲੀ ਕਰਨੀ ਪਵੇਗੀ। 1 ਅਪ੍ਰੈਲ ਤੋਂ ਇਨ੍ਹਾਂ ਦੇਸ਼ਾਂ ਨੇ ਵੀਜ਼ਾ ਫ਼ੀਸ ਵਧਾ ਦਿੱਤੀ ਹੈ, ਜਿਸ ਨਾਲ ਯਾਤਰੀਆਂ, ਸਟੂਡੈਂਟਸ, ਅਤੇ ਪ੍ਰੋਫ਼ੈਸ਼ਨਲਜ਼ ਪ੍ਰਭਾਵਤ ਹੋਣਗੇ।

ਆਸਟ੍ਰੇਲੀਆ ਨੇ ਆਪਣੇ ਵੀਜ਼ਾ ਫੀਸ ਢਾਂਚੇ ਅਤੇ ਟਿਊਸ਼ਨ ਦਰਾਂ ਵਿੱਚ ਵੀ ਸੋਧ ਕੀਤੀ ਹੈ। ਹਾਲਾਂਕਿ ਵਿਸਥਾਰਤ ਵੀਜ਼ਾ ਫੀਸ ਨਿਰਧਾਰਤ ਨਹੀਂ ਕੀਤੀ ਗਈ ਸੀ, ਕਈ ਯੂਨੀਵਰਸਿਟੀਆਂ ਨੇ ਪਹਿਲਾਂ ਹੀ 2025 ਤੋਂ ਇੰਟਰਨੈਸ਼ਨਲ ਸਟੂਡੈਂਟਸ ਲਈ ਟਿਊਸ਼ਨ ਵਧਾ ਦਿੱਤੀ ਹੈ। ਕੁਝ ਕੋਰਸਾਂ ਵਿੱਚ 7٪ ਤੋਂ ਵੱਧ ਦਾ ਉਛਾਲ ਆਇਆ ਹੈ। ਮੈਲਬੌਰਨ ਯੂਨੀਵਰਸਿਟੀ ’ਚ ਇੰਜੀਨੀਅਰਿੰਗ ਦੀ ਲਾਗਤ ਹੁਣ ਸਾਲਾਨਾ 56,480 ਆਸਟ੍ਰੇਲੀਆਈ ਡਾਲਰ (ਕਰੀਬ 30.36 ਲੱਖ ਰੁਪਏ) ਹੋਵੇਗੀ, ਜਦੋਂ ਕਿ ਕਲੀਨਿਕਲ ਮੈਡੀਸਨ ਦੀ ਕੀਮਤ ਵਧ ਕੇ 1,12,832 ਆਸਟ੍ਰੇਲੀਆਈ ਡਾਲਰ (60.66 ਲੱਖ ਰੁਪਏ) ਹੋ ਜਾਵੇਗੀ। ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਵਿਚ, ਜ਼ਿਆਦਾਤਰ ਕੋਰਸਾਂ ਦੀ ਕੀਮਤ ਪ੍ਰਤੀ ਸਾਲ 58,560 ਆਸਟ੍ਰੇਲੀਆਈ ਡਾਲਰ ਹੋਵੇਗੀ।

ਦੂਜੇ ਪਾਸੇ ਨਵੇਂ ਮੁੱਲ ਢਾਂਚੇ ਦੇ ਤਹਿਤ, ਯੂ.ਕੇ. ਲਈ ਛੇ ਮਹੀਨਿਆਂ ਦੇ ਸਟੈਂਡਰਡ ਵਿਜ਼ਟਰ ਵੀਜ਼ਾ ਦੀ ਲਾਗਤ 115 ਪਾਊਂਡ (12,700 ਰੁਪਏ) ਤੋਂ ਵਧ ਕੇ 127 ਪਾਊਂਡ (14,000 ਰੁਪਏ) ਹੋ ਜਾਵੇਗੀ। ਹੋਰ ਲੰਬੀ ਮਿਆਦ ਦੀਆਂ ਵੀਜ਼ਾ ਸ਼੍ਰੇਣੀਆਂ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ:

  • ਦੋ ਸਾਲ ਦਾ ਵੀਜ਼ਾ: GBP 475 (ਪਹਿਲਾਂ GBP 432)
  • ਪੰਜ ਸਾਲ ਦਾ ਵੀਜ਼ਾ: GBP 848 (ਪਹਿਲਾਂ GBP 771)
  • ਦਸ ਸਾਲ ਦਾ ਵੀਜ਼ਾ: GBP 1,059 (ਪਹਿਲਾਂ GBP 963)