ਵਿਕਟੋਰੀਆ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ’ਚ ਪੰਜਾਬੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ, ਹਰਸਮਰ ਅਤੇ ਹਰਸੀਰਤ ਨੇ ਜੱਤਿਆ ਗੋਲਡ ਮੈਡਲ

ਮੈਲਬਰਨ : 8 ਅਤੇ 9 ਮਾਰਚ ਨੂੰ ਕੈਸੀ ਫੀਲਡਜ਼ ਰੀਜਨਲ ਅਥਲੈਟਿਕਸ ਸੈਂਟਰ ਵਿਖੇ ਹੋਏ ਸਟੇਟ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਡਾਇਮੰਡ ਸਪੋਰਟਸ ਕਲੱਬ ਮੈਲਬਰਨ (ਕ੍ਰੈਨਬੋਰਨ ਲਿਟਲ ਅਥਲੈਟਿਕਸ ਸੈਂਟਰ ਦੇ ਸਹਿਯੋਗ ਨਾਲ) ਦੀ ਨੁਮਾਇੰਦਗੀ ਕਰਨ ਵਾਲੇ ਨੌਜਵਾਨ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

14 ਸਾਲ ਤੋਂ ਘੱਟ ਉਮਰ ਦੀ ਸ਼੍ਰੇਣੀ ’ਚ ਹਰਸਮਰ ਨੇ ਗੋਲਡ ਮੈਡਲ ਜਿੱਤਿਆ। ਉਹ ਸਟੇਟ ਚੈਂਪੀਅਨ ਵੀ ਹੈ। ਹਰਸੀਰਤ ਕੌਰ ਨੇ ਡਿਸਕਸ ਥ੍ਰੋ ’ਚ ਸਿਲਵਰ ਮੈਡਲ ਜਿੱਤਿਆ ਅਤੇ ਸ਼ਾਟਪੁੱਟ ’ਚ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ 800 ਮੀਟਰ ਦੌੜ ਸ਼੍ਰੇਣੀ ’ਚ ਗੁਰਸਹਿਜ ਨੇ ਬਰੌਂਜ਼ ਮੈਡਲ ਜਿੱਤਿਆ। 10 ਸਾਲ ਤੋਂ ਘੱਟ ਉਮਰ ਦੀ ਸ਼੍ਰੇਣੀ ’ਚ ਫਤਹਿਦੀਪ ਸਿੰਘ ਨੇ 100 ਮੀਟਰ ਦੌੜ ’ਚ ਬਰੌਂਜ਼ ਦਾ ਮੈਡਲ ਜਿੱਤਿਆ। ਜਦਕਿ ਮੇਹਰ ਨੇ ਉੱਚੀ ਛਾਲ ਮੁਕਾਬਲੇ ’ਚ ਬਰੌਂਜ਼ ਦਾ ਮੈਡਲ ਜਿੱਤਿਆ।

ਹੋਰ ਮੁਕਾਬਲਿਆਂ ’ਚ ਗੁਰਤਾਜ ਸਿੰਘ (ਅੰਡਰ 9) ਨੇ 400 ਮੀਟਰ ਮੁਕਾਬਲੇ ਵਿੱਚ ਨਿੱਜੀ ਸਰਵੋਤਮ ਅਤੇ ਸੈਂਟਰ ਰਿਕਾਰਡ ਨਾਲ ਛੇਵਾਂ ਸਥਾਨ ਪ੍ਰਾਪਤ ਕੀਤਾ। ਸਹਿਬਾਜ (ਅੰਡਰ 9) ਨੇ ਡਿਸਕਸ ਥ੍ਰੋਅ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਫਤਹਿਦੀਪ ਸਿੰਘ (ਅੰਡਰ 10) ਨੇ 70 ਮੀਟਰ ਅਤੇ 200 ਮੀਟਰ ਵਿੱਚ ਚੌਥਾ ਸਥਾਨ, 400 ਮੀਟਰ ਵਿੱਚ 5ਵਾਂ ਅਤੇ ਲੰਬੀ ਛਾਲ (4.12 ਮੀਟਰ) ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ। ਜਪਲੀਨ (ਅੰਡਰ 10) ਨੇ 200 ਮੀਟਰ ਵਿੱਚ 8ਵਾਂ ਸਥਾਨ, 400 ਮੀਟਰ ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ। ਗੁਰਮਨਦੀਪ ਕੌਰ (ਅੰਡਰ 13) ਨੇ ਡਿਸਕਸ ਥ੍ਰੋ (32.60 ਮੀਟਰ) ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਅਤੇ ਸਿਰਫ ਕੁਝ ਸੈਂਟੀਮੀਟਰ ਦੇ ਫਰਕ ਨਾਲ ਮੈਡਲ ਤੋਂ ਖੁੰਝ ਗਈ। ਗੁਰਸਹਿਜ (ਅੰਡਰ 14) ਨੇ 400 ਮੀਟਰ ਦੌੜ ਵਿੱਚ 6ਵਾਂ, 1500 ਮੀਟਰ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ। ਸਟੇਟ ਲਈ ਕੁਆਲੀਫਾਈ ਕਰਨ ਵਾਲੇ ਹੋਰ ਐਥਲੀਟਾਂ ’ਚ ਸਮਰੀਨ ਸਰਾਂ, ਰੂਹਾਨੀ ਵਿਨਾਇਕ ਅਤੇ ਆਰਵ ਸਿੰਘ ਬਰਾੜ ਵੀ ਸ਼ਾਮਲ ਹਨ।

ਟੀਮ ਦੇ ਕੋਚ ਕੁਲਦੀਪ ਸਿੰਘ ਔਲਖ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਨੌਜਵਾਨ ਐਥਲੀਟਾਂ ਨੂੰ ਉੱਤਮਤਾ ਲਈ ਯਤਨ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।