ਆਸਟ੍ਰੇਲੀਆ ਦੇ ਆਕਾਸ਼ ’ਚ ਇਸ ਹਫ਼ਤੇ ਵੇਖਣ ਨੂੰ ਮਿਲੇਗਾ ਦੁਰਲੱਭ ‘ਬਲੱਡ ਮੂਨ’, ਜਾਣੋ ਸਮਾਂ

ਮੈਲਬਰਨ : 14 ਮਾਰਚ ਦੀ ਸ਼ਾਮ ਨੂੰ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇੱਕ ਦੁਰਲੱਭ ਨਜ਼ਾਰਾ ਵੇਖਣ ਨੂੰ ਮਿਲੇਗਾ। ਸ਼ੁੱਕਰਵਾਰ ਵਾਲੇ ਦਿਨ ਸ਼ਾਮ ਨੂੰ ਸਿਰਫ਼ ਕੁੱਝ ਸਮੇਂ ਲਈ ਦੁਰਲੱਭ ‘ਬਲੱਡ ਮੂਨ’ ਦਿਖਾਈ ਦੇਵੇਗਾ। ਬਲੱਡ ਮੂਨ ਨੂੰ ਪੂਰਨ ਚੰਦਰ ਗ੍ਰਹਿਣ ਵੀ ਕਿਹਾ ਜਾਂਦਾ ਹੈ, ਜੋ ਉਦੋਂ ਵਾਪਰਦਾ ਹੈ ਜਦੋਂ ਧਰਤੀ ਸੂਰਜ ਅਤੇ ਚੰਦਰਮਾ ਦੇ ਵਿਚਕਾਰੋਂ ਲੰਘਦੀ ਹੈ। ਇਸ ਦੌਰਾਨ ਧਰਤੀ ਸੂਰਜ ਦੀ ਸਿੱਧੀ ਰੌਸ਼ਨੀ ਨੂੰ ਚੰਦਰਮਾ ਤਕ ਪਹੁੰਚਣ ਤੋਂ ਰੋਕਦੀ ਹੈ ਪਰ ਧਰਤੀ ਦੇ ਪਾਸਿਆਂ ਤੋਂ ਨਿਕਲਦਾ ਹੋਇਆ ਕੁੱਝ ਪ੍ਰਕਾਸ਼ ਅਤੇ ਚੰਦਰਮਾ ਦੀ ਸਤਹ ’ਤੇ ਸੰਤਰੀ ਜਾਂ ਲਾਲ ਚਮਕ ਪਾਉਂਦਾ ਹੈ।

ਬਲੱਡ ਮੂਨ ਦਾ ਇਹ ਦੁਰਲੱਭ ਨਜ਼ਾਰਾ 55 ਤੋਂ 80 ਮਿੰਟਾਂ ਤਕ ਹੀ ਦਿਖਾਈ ਦੇਵੇਗਾ, ਅਤੇ ਇਸ ਨੂੰ ਵੇਖਣ ਦਾ ਸਭ ਤੋਂ ਵਧੀਆ ਸਮਾਂ ਚੰਦਰਮਾ ਚੜ੍ਹਨ ਸਾਰ ਹੀ ਹੋਵੇਗਾ। ਆਸਟ੍ਰੇਲੀਆ ਦੀ ਰਾਜਧਾਨੀ ਸ਼ਹਿਰਾਂ ਵਿੱਚ ਚੰਦਰਮਾ ਚੜ੍ਹਨ ਦਾ ਸਮਾਂਮੈਲਬਰਨ ਵਿੱਚ ਸ਼ਾਮ 7:40 ਵਜੇ ਤੋਂ, ਸਿਡਨੀ ’ਚ 7:13 ਵਜੇ ਤੋਂ, ਬ੍ਰਿਸਬੇਨ ਵਿੱਚ ਸ਼ਾਮ 6:04 ਵਜੇ ਤੋਂ, ਕੈਨਬਰਾ ’ਚ 7:22 ਵਜੇ ਤੋਂ, ਐਡੀਲੇਡ ’ਚ 7:35 ਵਜੇ ਤੋਂ, ਡਾਰਵਿਨੀ ’ਚ 7:02 ਵਜੇ ਤੋਂ ਅਤੇ ਹੋਬਾਰਡ ’ਚ 7:32 ਵਜੇ ਤੋਂ ਹੋਣ ਦੀ ਉਮੀਦ ਹੈ। ਪਰਥ ਵਿੱਚ ਬਲੱਡ ਮੂਨ ਦਿਖਾਈ ਦੇਣ ਦੀ ਸੰਭਾਵਨਾ ਨਹੀਂ ਹੈ। ਬਲੱਡ ਮੂਨ ਦਾ ਸਭ ਤੋਂ ਵਧੀਆ ਨਜ਼ਾਰਾ ਦੇਖਣ ਲਈ ਈਸਟ ਦਿਸ਼ਾ ਦੇ ਸਪਸ਼ਟ ਦ੍ਰਿਸ਼ ਅਤੇ ਸੀਮਤ ਰੌਸ਼ਨੀ ਦੇ ਸਰੋਤਾਂ ਵਾਲੀ ਇੱਕ ਉੱਚੀ ਥਾਂ ’ਤੇ ਜਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।