ਮੈਲਬਰਨ : Cyclone Alfred ਦੇ ਤੱਟ ਨੇੜੇ ਪਹੁੰਚਣ ਦੇ ਨਾਲ ਹੀ ਸਾਊਥ-ਈਸਟ ਕੁਈਨਜ਼ਲੈਂਡ ਅਤੇ ਨੌਰਥ NSW ਵਿੱਚ ਹਜ਼ਾਰਾਂ ਲੋਕ ਬਿਜਲੀ ਤੋਂ ਵਾਂਝੇ ਹੋ ਗਏ ਹਨ। ਇਸ ਇਲਾਕੇ ’ਚ 50 ਸਾਲਾਂ ’ਚ ਆ ਰਹੇ ਪਹਿਲੇ ਚੱਕਰਵਾਤ ਕਾਰਨ Moreton Island ਅਤੇ Byron Bay ਵਿਚਕਾਰ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਹਜ਼ਾਰਾਂ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
NSW ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਚੇਤਾਵਨੀ ਦਿੱਤੀ ਕਿ ਜੋ ਲੋਕ evacuation zones ਵਿੱਚ ਹੀ ਰਹਿਣ ਦੀ ਚੋਣ ਕਰਦੇ ਹਨ ਉਹ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਤੋਂ ਬਿਨਾਂ ਫੱਸ ਸਕਦੇ ਹਨ ਕਿਉਂਕਿ ਹਰ ਘਰ ਦੇ ਲੋਕਾਂ ਨੂੰ ਬਚਾਉਣ ਲਈ ਕਿਸ਼ਤੀਆਂ ਦੀ ਗਿਣਤੀ ਘੱਟ ਸਕਦੀ ਹੈ। ਨੌਰਥ NSW ਵਿੱਚ 20 ਤੋਂ ਵੱਧ ਥਾਵਾਂ ਤੋਂ ਲੋਕਾਂ ਨੂੰ ਚਲੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਚ Lismore, Port Macquarie, Tumbelgum, Coraki ਅਤੇ Kyogle ਸ਼ਾਮਲ ਹਨ। ਇਸ ਸਮੇਂ NSW ਦੇ 32,000 ਤੋਂ ਵੱਧ ਲੋਕ ਬਿਜਲੀ ਤੋਂ ਵਾਂਝੇ ਹਨ, ਸਾਊਥ ਗੋਲਡ ਕੋਸਟ ਅਤੇ ਨੌਰਥ NSW ਦੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। 50 ਹਜ਼ਾਰ ਦੇ ਲਗਭਗ ਲੋਕ ਕੁਈਨਜ਼ਲੈਂਡ ’ਚ ਬਿਜਲੀ ਤੋਂ ਬਗ਼ੈਰ ਹਨ।
ਚੱਕਰਵਾਤ ਦੇ ਸ਼ੁੱਕਰਵਾਰ ਰਾਤ ਜਾਂ ਸ਼ਨੀਵਾਰ ਸਵੇਰੇ ਸ਼੍ਰੇਣੀ 2 ਦੇ ਤੂਫਾਨ ਦੇ ਰੂਪ ਵਿੱਚ ਟਕਰਾਉਣ ਦੀ ਸੰਭਾਵਨਾ ਹੈ, ਜਿਸ ਨਾਲ ਵਿਨਾਸ਼ਕਾਰੀ 155 ਕਿਲੋਮੀਟਰ ਪ੍ਰਤੀ ਘੰਟਾ ਹਵਾਵਾਂ ਚੱਲਣਗੀਆਂ ਅਤੇ ਰੋਜ਼ਾਨਾ 450 ਮਿਲੀਮੀਟਰ ਤੱਕ ਮੀਂਹ ਪਵੇਗਾ। ਵੀਰਵਾਰ ਰਾਤ 10 ਵਜੇ ਤੂਫ਼ਾਨ ਬ੍ਰਿਸਬੇਨ ਤੋਂ 245 ਕਿਲੋਮੀਟਰ ਦੂਰ ਸੀ। ਕੁਈਨਜ਼ਲੈਂਡ ਵਿਚ ਲੋਗਨ ਅਤੇ ਅਲਬਰਟ ਨਦੀਆਂ ਸਮੇਤ ਕਈ ਨਦੀਆਂ ’ਚ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਕੁਈਨਜ਼ਲੈਂਡ ਸਰਕਾਰ ਨੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੂਫ਼ਾਨ ਬਾਰੇ ਖ਼ਬਰਾਂ ਤੋਂ ਜਾਣੂ ਰਹਿਣ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਲਾਕਾ ਖਾਲੀ ਕਰਨ ਦੇ ਹੁਕਮਾਂ ਦੀ ਪਾਲਣਾ ਕਰਨ। ਖ਼ਤਰੇ ਦੇ ਬਾਵਜੂਦ ਸਮੁੰਦਰ ’ਚ ਜਾ ਰਹੇ ਲੋਕਾਂ ’ਤੇ ਪੁਲਿਸ ਨੇ 16 ਹਜ਼ਾਰ ਡਾਲਰ ਦਾ ਜੁਰਮਾਨਾ ਲਾਉਣ ਦੇ ਦੀ ਚੇਤਾਵਨੀ ਜਾਰੀ ਕੀਤੀ ਹੈ।
(Photo : Nine)