ਮੈਲਬਰਨ : 21 ਫ਼ਰਵਰੀ ਨੂੰ ਜਦੋਂ ਚੀਨੀ ਜੰਗੀ ਜਹਾਜ਼ਾਂ ਨੇ ਤਸਮਾਨ ਸਾਗਰ ਵਿਚ ਜੰਗੀ ਅਭਿਆਸ ਸ਼ੁਰੂ ਕੀਤਾ ਤਾਂ ਆਸਟ੍ਰੇਲੀਆਈ ਫੌਜ ਨੂੰ ਅਭਿਆਸ ਸ਼ੁਰੂ ਹੋਣ ਦੇ 30 ਮਿੰਟ ਬਾਅਦ ਹੀ ਪਤਾ ਲੱਗਿਆ। ਇਹੀ ਨਹੀਂ ਉਸ ਨੂੰ ਸੂਚਨਾ ਸਿਵਲ ਏਵੀਏਸ਼ਨ ਅਧਿਕਾਰੀਆਂ ਤੋਂ ਮਿਲੀ, ਨਾ ਕਿ ਚੀਨੀ ਹਥਿਆਰਬੰਦ ਬਲਾਂ ਤੋਂ, ਜਿਸ ਨੂੰ ਅੱਜ ਆਸਟ੍ਰੇਲੀਆ ਦੀ ਸੰਸਦ ਸਾਹਮਣੇ ਡਿਫ਼ੈਂਸ ਫ਼ੋਰਸਿਜ਼ ਦੇ ਮੁਖੀ Admiral David Johnston ਨੇ ‘ਨਾਕਾਫੀ ਨੋਟੀਫਿਕੇਸ਼ਨ’ ਮੰਨਿਆ ਹੈ। ਸਭ ਤੋਂ ਪਹਿਲਾਂ ਚੀਨ ਦੇ ਜਹਾਜ਼ਾਂ ਵੱਲੋਂ ਗੋਲੇ ਦਾਗੇ ਜਾਣ ਬਾਰੇ ਵਿਰਜਿਨ ਜਹਾਜ਼ ਦੇ ਇੱਕ ਪਾਈਲਟ ਨੂੰ ਪਤਾ ਲੱਗਾ ਜੋ ਉੱਥੋਂ ਉਡ ਰਿਹਾ ਸੀ। ਇਸ ਘਟਨਾ ਕਾਰਨ ਕਈ ਜਹਾਜ਼ਾਂ ਨੂੰ ਅਚਾਨਕ ਆਪਣਾ ਰਾਹ ਬਦਲਣਾ ਪਿਆ।
ਹਾਲਾਤ ਇਸ ਗੱਲ ਕਾਰਨ ਹੋਰ ਵੀ ਬਦਤਰ ਨਜ਼ਰ ਆ ਰਹੇ ਹਨ ਕਿ ਨਿਊਜ਼ੀਲੈਂਡ ਦੀ ਫੌਜ, ਜੋ ਚੀਨੀ ਜਹਾਜ਼ਾਂ ਦੀ ਨਿਗਰਾਨੀ ਕਰ ਰਹੀ ਸੀ, ਨੇ ਅਭਿਆਸ ਬਾਰੇ ਆਸਟ੍ਰੇਲੀਆਈ ਡੀਫ਼ੈਂਸ ਫ਼ੋਰਸ ਨੂੰ ਸੂਚਿਤ ਕਰਨ ਲਈ ਇਕ ਹੋਰ ਘੰਟਾ ਇੰਤਜ਼ਾਰ ਕੀਤਾ। ਲਿਬਰਲ ਸੈਨੇਟਰ James Paterson ਨੇ ਤੁਰੰਤ ਆਲੋਚਨਾ ਕਰਦਿਆਂ ਕਿਹਾ ਕਿ ਚੀਨੀ ਨੇਵੀ ਨੇ ਆਪਣੇ ਅਭਿਆਸ ਬਾਰੇ ਆਸਟ੍ਰੇਲੀਆ ਨੂੰ ਸੂਚਿਤ ਨਹੀਂ ਕੀਤਾ ਅਤੇ ਉਨ੍ਹਾਂ ਨੇ ਨਿਊਜ਼ੀਲੈਂਡ ਦੀ ਫੌਜ ਵੱਲੋਂ ਸੰਚਾਰ ਵਿੱਚ ਦੇਰੀ ’ਤੇ ਵੀ ਸਵਾਲ ਚੁੱਕੇ।
ਚੀਨੀ ਫਲੋਟੀਲਾ, ਜਿਸ ਵਿੱਚ ਇੱਕ ਫਰਿਗੇਟ, ਮਿਜ਼ਾਈਲ ਕਰੂਜ਼ਰ ਅਤੇ ਮੁੜ ਭਰਨ ਵਾਲਾ ਜਹਾਜ਼ ਸ਼ਾਮਲ ਹੈ, ਇਸ ਸਮੇਂ ਆਸਟ੍ਰੇਲੀਆ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਅੰਦਰ ਹੋਬਾਰਟ ਤੋਂ ਲਗਭਗ 250 ਕਿਲੋਮੀਟਰ ਦੱਖਣ ਵਿੱਚ ਸਾਊਥ-ਵੈਸਟ ਵੱਲ ਜਾ ਰਿਹਾ ਹੈ। Admiral Johnston ਨੇ ਇਹ ਵੀ ਸੰਭਾਵਨਾ ਜਤਾਈ ਕਿ ਸਤਹ ਦੇ ਜਹਾਜ਼ਾਂ ਦੇ ਨਾਲ ਇੱਕ ਅਣਜਾਣ ਪ੍ਰਮਾਣੂ ਪਣਡੁੱਬੀ ਹੋ ਸਕਦੀ ਹੈ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਥਿਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਸਰਕਾਰ ਚੀਨੀ ਜਹਾਜ਼ਾਂ ਦੀ ਮੌਜੂਦਗੀ ਤੋਂ ਜਾਣੂ ਹੈ ਅਤੇ ਨਿਊਜ਼ੀਲੈਂਡ ਦੇ ਨਾਲ ਮਿਲ ਕੇ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ।