ਸਿਡਨੀ ’ਚ ਵੱਡੀ ‘ਅਤਿਵਾਦੀ ਹਮਲੇ’ ਦੀ ਯੋਜਨਾ ਦਾ ਪਰਦਾਫ਼ਾਸ਼, ਧਮਾਕਾਖੇਜ਼ ਸਮੱਗਰੀ ਨਾਲ ਭਰੀ ਗੱਡੀ ਬਰਾਮਦ

ਮੈਲਬਰਨ : ਸਿਡਨੀ ਦੇ ਨੌਰਥ-ਵੈਸਟ ’ਚ ਵਿਸਫੋਟਕਾਂ ਨਾਲ ਭਰੀ ਗੱਡੀ ਮਿਲਣ ਤੋਂ ਬਾਅਦ ਯਹੂਦੀਆਂ ਵਿਰੁਧ ਵੱਡਾ ਹਮਲਾ ਟਲ ਗਿਆ ਹੈ। ਵੈਨ Dural ਦੀ Derriwong Road ’ਤੇ ਕਈ ਦਿਨਾਂ ਤੋਂ ਖੜ੍ਹੀ ਸੀ, ਜਿਸ ਦੀ ਜਾਣਕਾਰੀ ਇੱਕ ਵਿਅਕਤੀ ਨੇ ਪੁਲਿਸ ਨੂੰ 19 ਜਨਵਰੀ ਨੂੰ ਦਿੱਤੀ ਸੀ। ਹਾਲਾਂਕਿ ਮਾਮਲਾ ਮੀਡੀਆ ’ਚ 29 ਜਨਵਰੀ ਨੂੰ ਹੀ ਲੀਕ ਹੋਇਆ।

Powergel ਨਾਂ ਦੇ ਵਿਸਫੋਟਕ ਨਾਲ ਕੁੱਝ ਯਹੂਦੀਆਂ ਦੇ ਨਾਵਾਂ ਅਤੇ ਪਤੇ ਵਾਲੇ ਨੋਟ ਵੀ ਮਿਲੇ ਹਨ, ਜੋ ਸੰਭਾਵਿਤ ਯਹੂਦੀ ਵਿਰੋਧੀ ਹਮਲੇ ਦਾ ਸੰਕੇਤ ਦਿੰਦੇ ਹਨ। ਗੱਡੀ ਦਾ ਮਾਲਕ ਜਨਵਰੀ ਦੀ ਸ਼ੁਰੂਆਤ ਤੋਂ ਹੀ ਪੁਲਿਸ ਹਿਰਾਸਤ ਵਿੱਚ ਹੈ, ਪਰ ਪੁਲਿਸ ਦਾ ਮੰਨਣਾ ਹੈ ਕਿ ਹੋਰ ਲੋਕ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ।

ਧਮਾਕਾਖੇਜ਼ ਸਮੱਗਰੀ ਏਨੀ ਤਾਕਤਵਰ ਸੀ ਕਿ 40 ਮੀਟਰ ਦੇ ਘੇਰੇ ਅੰਦਰ ਲੋਕਾਂ ਦੀ ਜਾਨ ਜਾ ਸਕਦੀ ਸੀ। ਵੱਖ-ਵੱਖ ਵਿਭਾਗਾਂ ਦੇ 100 ਤੋਂ ਵੱਧ ਅਧਿਕਾਰੀਆਂ ਦੀ ਟਾਸਕ ਫੋਰਸ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਮਾਮਲਾ ਲੀਕ ਹੋਣ ਨਾਲ ਉਸ ਦੀ ਜਾਂਚ ’ਚ ਖਲਲ ਪੈ ਸਕਦਾ ਹੈ। ਪੁਲਿਸ ਨੇ ‘ਪੈਰੀਫੇਰੀ’ ਗ੍ਰਿਫਤਾਰੀਆਂ ਕੀਤੀਆਂ ਹਨ, ਪਰ ਮੁੱਖ ਅਪਰਾਧੀ ’ਤੇ ਅਜੇ ਦੋਸ਼ ਨਹੀਂ ਲਗਾਇਆ ਗਿਆ ਹੈ। ਪ੍ਰੀਮੀਅਰ ਕ੍ਰਿਸ ਮਿਨਸ ਨੇ ਇਸ ਘਟਨਾ ਨੂੰ ਅੱਤਵਾਦ ਕਰਾਰ ਦਿੱਤਾ ਹੈ, ਜਦੋਂ ਕਿ ਪੁਲਿਸ ਅਜੇ ਵੀ ਇਸ ਦੇ ਮਕਸਦ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਨੇ ਸਿਡਨੀ ਵਿਚ ਯਹੂਦੀ ਵਿਰੋਧੀ ਹਮਲਿਆਂ ਵਿਚ ਵਾਧੇ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।