ਮੈਲਬਰਨ ’ਚ ਭਾਰਤੀ ਮੂਲ ਦੇ ਨੌਜੁਆਨਾਂ ’ਤੇ ਕਰੈਡਿਟ ਕਾਰਡ ਚੋਰੀ ਕਰਨ ਦੇ ਇਲਜ਼ਾਮ, ਪੁਲਿਸ ਨੇ CCTV ਫੁਟੇਜ ਕੀਤਾ ਜਾਰੀ

ਮੈਲਬਰਨ : ਪਿਛਲੇ ਸਾਲ ਮੈਲਬਰਨ ਦੇ ਨੌਰਕ-ਵੈਸਟ ਵਿੱਚ ਇੱਕ ਔਰਤ ਨਾਲ ਕਥਿਤ ਤੌਰ ’ਤੇ ਧੋਖਾਧੜੀ ਕਰਨ ਵਾਲੇ ਦੋ ਅਣਪਛਾਤੇ ਅਪਰਾਧੀਆਂ ਦੀ ਪੁਲਿਸ ਭਾਲ ਕਰ ਰਹੀ ਹੈ। ਦੋਹਾਂ ਦੀ CCTV ਫੁਟੇਜ ਜਾਰੀ ਕੀਤੀ ਗਈ ਹੈ ਜਿਨ੍ਹਾਂ ’ਤੇ ਪੁਲਿਸ ਸ਼ੱਕ ਹੈ। ਦੋਹਾਂ ਵਿਅਕਤੀਆਂ ਨੂੰ ਭਾਰਤੀ ਮੂਲ ਦੇ ਮੰਨਿਆ ਗਿਆ ਹੈ, ਜਿਨ੍ਹਾਂ ਦੀ ਉਮਰ 30 ਸਾਲ ਦੇ ਵਿਚਕਾਰ ਹੈ।

ਪਹਿਲਾ ਵਿਅਕਤੀ ਤਕੜੇ ਜੁੱਸੇ ਵਾਲਾ ਹੈ ਅਤੇ ਉਸ ਦੇ ਸੱਜੇ ਹੱਥ ’ਤੇ ਦੋ-ਪੱਟੀ ਵਾਲਾ ਟੈਟੂ ਹੈ। ਉਸ ਨੇ ਹਰੇ ਰੰਗ ਦੀ ਟੀ-ਸ਼ਰਟ, ਕਾਲੀ ਟਰੈਕ ਪੈਂਟ ਅਤੇ ਸਲੇਟੀ ਪੋਲੋ ਟੋਪੀ ਪਹਿਨੀ ਹੋਈ ਸੀ। ਦੂਜਾ ਵਿਅਕਤੀ ਵੀ 30 ਕੁ ਸਾਲ ਦਾ ਹੈ ਅਤੇ ਉਹ ਪਤਲੇ ਸਰੀਰ ਦਾ ਹੈ। ਉਸ ਨੇ ਕਾਲੇ ਅਤੇ ਚਿੱਟੇ ਫੁੱਲਾਂ ਵਾਲੀ ਸ਼ਰਟ, ਕਾਲੀ ਪੈਂਟ ਅਤੇ ਚਿੱਟੇ ਸੈਂਡਲ ਪਹਿਨੇ ਹੋਏ ਸਨ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਅਪਰਾਧੀ St Albans ਵਿਚ ਪੀੜਤਾ ਦੇ ਘਰ ਗਏ ਅਤੇ 3 ਦਸੰਬਰ ਨੂੰ ਉਸ ਦਾ ਕ੍ਰੈਡਿਟ ਕਾਰਡ ਚੋਰੀ ਕਰ ਲਿਆ। ਦੋਸ਼ ਹੈ ਕਿ ਅਪਰਾਧੀਆਂ ਨੇ ਪਹਿਲਾਂ ਇੱਕ ਆਨਲਾਈਨ ਭੁਗਤਾਨ ਐਪ ਰਾਹੀਂ ਪੀੜਤ ਨੂੰ ਧੋਖਾ ਦਿੱਤਾ ਸੀ। ਪੁਲਿਸ ਦਾ ਮੰਨਣਾ ਹੈ ਕਿ ਅਗਲੇ ਦਿਨ ਚੋਰੀ ਹੋਏ ਕ੍ਰੈਡਿਟ ਕਾਰਡ ’ਤੇ Brunswick ਖੇਤਰ ਦੇ ਸਟੋਰਾਂ ਤੋਂ ਮੋਬਾਈਲ ਫੋਨ ਅਤੇ ਗਹਿਣਿਆਂ ’ਤੇ 41,000 ਡਾਲਰ ਖਰਚ ਕੀਤੇ ਗਏ ਸਨ।