ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ

ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਬੁਰੇ ਬਲਾਤਕਾਰੀਆਂ ਵਿਚੋਂ ਇਕ ਨੂੰ ਚਾਈਲਡ ਕੇਅਰ ਸੈਂਟਰਾਂ ਵਿਚ ਕੰਮ ਕਰਦੇ ਹੋਏ 19 ਸਾਲਾਂ ਦੌਰਾਨ ਸੈਂਕੜੇ ਜਿਨਸੀ ਅਪਰਾਧਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਬ੍ਰਿਸਬੇਨ ਜ਼ਿਲ੍ਹਾ ਅਦਾਲਤ ਨੇ 46 ਸਾਲ ਦੇ Ashley Paul Griffith ਨੂੰ ਬਲਾਤਕਾਰ ਦੇ 28 ਦੋਸ਼ਾਂ ਅਤੇ 307 ਕੁੱਲ ਅਪਰਾਧਾਂ ਦਾ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਵਿੱਚ ਚੱਲ ਰਹੇ ਜਿਨਸੀ ਸ਼ੋਸ਼ਣ ਅਤੇ ਬਾਲ ਸ਼ੋਸ਼ਣ ਸਮੱਗਰੀ ਬਣਾਉਣਾ ਸ਼ਾਮਲ ਹੈ। ਉਸ ’ਤੇ ਸਾਲ 2003 ਤੋਂ 2022 ਦਰਮਿਆਨ ਬੱਚੀਆਂ ਦਾ ਸ਼ੋਸ਼ਣ ਕਰਨ ਦਾ ਦੋਸ਼ ਹੈ, ਜਿਨ੍ਹਾਂ ’ਚ ਜ਼ਿਆਦਾਤਰ ਤਿੰਨ ਤੋਂ ਪੰਜ ਸਾਲ ਦੀ ਉਮਰ ਦੀਆਂ ਕੁੜੀਆਂ ਸਨ।

ਜੱਜ ਨੇ Griffith ਨੂੰ ‘ਭੈੜਾ’ ਅਤੇ ਦੁਬਾਰਾ ਅਜਿਹੇ ਅਪਰਾਧ ਕਰਨ ਦਾ ਉੱਚ ਜੋਖਮ ਦੱਸਦੇ ਹੋਏ ਉਸ ਨੂੰ 27 ਸਾਲ ਦੀ ਗੈਰ-ਪੈਰੋਲ ਮਿਆਦ ਦੀ ਸਜ਼ਾ ਸੁਣਾਈ। Griffith ਦੇ ਅਪਰਾਧ ਖਾਸ ਤੌਰ ’ਤੇ ਘਿਨਾਉਣੇ ਸਨ, ਕਿਉਂਕਿ ਉਸ ਨੇ ਆਪਣੇ ਜ਼ਿਆਦਾਤਰ ਪੀੜਤਾਂ ਨੂੰ ਫਿਲਮਾਇਆ ਅਤੇ ਵੀਡੀਓ ਨੂੰ ਆਨਲਾਈਨ ਸਾਂਝਾ ਕੀਤਾ। ਉਸ ਨੇ ਆਪਣੇ ਪੀੜਤਾਂ ਦਾ ਮਜ਼ਾਕ ਵੀ ਉਡਾਇਆ ਅਤੇ ਹੋਰ ‘ਪੀਡੋਫਾਈਲਾਂ’ (ਬੱਚਿਆਂ ਦਾ ਜਿਨਸੀ ਸੋਸ਼ਣ ਕਰਨ ਵਾਲੇ) ਨੂੰ ਸਲਾਹ ਦਿੱਤੀ ਕਿ ਅਜਿਹੇ ਅਪਰਾਧ ਕਿਵੇਂ ਕੀਤੇ ਜਾਣ। Griffith 2014 ਅਤੇ 2018 ਦੇ ਵਿਚਕਾਰ NSW ਵਿਚ ਕਥਿਤ ਤੌਰ ’ਤੇ ਕੀਤੇ ਗਏ ਬਾਲ ਜਿਨਸੀ ਅਪਰਾਧਾਂ ਲਈ ਵੀ ਲੋੜੀਂਦਾ ਹੈ।