ਸਾਊਥ ਆਸਟ੍ਰੇਲੀਆ ’ਚ ਬਦਲਿਆ ਟਰੱਕ ਡਰਾਈਵਰਾਂ ਲਈ ਕਾਨੂੰਨ, ਹੁਣ ਨਹੀਂ ਚਲੇਗਾ ਵਿਦੇਸ਼ਾਂ ’ਚ ਪ੍ਰਾਪਤ ਡਰਾਈਵਿੰਗ ਲਾਇਸੈਂਸ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਟਰੱਕ ਡਰਾਈਵਰ ਸਿਖਲਾਈ ਨਿਯਮਾਂ ਵਿਚ ਬਦਲਾਅ ਦਾ ਐਲਾਨ ਕੀਤਾ ਹੈ। ਨਵੇਂ ਕਾਨੂੰਨ ਅਨੁਸਾਰ ਵਿਦੇਸ਼ਾਂ ’ਚ ਪ੍ਰਾਪਤ ਕੀਤੇ ਹੈਵੀ ਵਹੀਕਲ ਡਰਾਈਵਿੰਗ ਲਾਇਸੈਂਸ ਨੂੰ ਹੁਣ ਸਾਊਥ ਆਸਟ੍ਰੇਲੀਆ ਵਿੱਚ ਮਾਨਤਾ ਨਹੀਂ ਦਿੱਤੀ ਜਾਵੇਗੀ। ਟਰੱਕ ਡਰਾਈਵਰਾਂ ਨੂੰ ਸਟੇਟ ’ਚ ਟਰੱਕ ਚਲਾਉਣ ਲਈ ਵਾਧੂ ਸਿਖਲਾਈ ਦੀ ਜ਼ਰੂਰਤ ਵੀ ਹੋਵੇਗੀ।

ਟਰਾਂਸਪੋਰਟ ਮੰਤਰੀ Tom Koutsantonis ਨੇ ਕਿਹਾ ਕਿ ਟਰੱਕ ਡਰਾਈਵਰਾਂ ਨੂੰ ਆਸਟ੍ਰੇਲੀਆ ਦੇ ਹਾਲਾਤ ’ਚ ਸਿਖਲਾਈ ਦੇਣ ਅਤੇ ਚੰਗੇ ਨਤੀਜੇ ਹਾਸਲ ਕਰਨ ਦੀ ਜ਼ਰੂਰਤ ਹੈ। ਤਬਦੀਲੀਆਂ ਦੇ ਬਾਵਜੂਦ, ਡਰਾਈਵਰ ਅਜੇ ਵੀ ਆਪਣਾ ਪੂਰਾ ਲਾਇਸੈਂਸ ਪ੍ਰਾਪਤ ਕਰਨ ਲਈ ਹੋਰ ਸਟੇਟਾਂ ’ਚ ਜਾ ਸਕਦੇ ਹਨ। ਪਰ ਰੋਡ ਟਰਾਂਸਪੋਰਟ ਐਸੋਸੀਏਸ਼ਨ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਇਹ ਕਾਨੂੰਨ ਪੂਰੇ ਦੇਸ਼ ਅੰਦਰ ਲਾਗੂ ਹੋ ਜਾਵੇਗਾ। ਨਵੇਂ ਕਾਨੂੰਨ ਫਰਵਰੀ ਤੋਂ ਲਾਗੂ ਹੋਣਗੇ।

ਦਰਅਸਲ ਇਹ ਕਾਨੂੰਨ ਇਕ ਦੁਖੀ ਵਿਧਵਾ, ਜਿਸ ਨੇ ਆਪਣੇ ਪਤੀ ਨੂੰ ਇਕ ਭਿਆਨਕ ਟਰੱਕ ਹਾਦਸੇ ਵਿਚ ਗੁਆ ਦਿੱਤਾ ਸੀ, ਵੱਲੋਂ ਸ਼ੁਰੂ ਕੀਤੀ ਇੱਕ ਪਟੀਸ਼ਨ ਤੋਂ ਬਾਅਦ ਪਾਸ ਕੀਤਾ ਗਿਆ ਹੈ। ਡੇਲਫੀਨ ਮੁਗ੍ਰਿਜ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਇਰ ਹਾਈਵੇਅ ’ਤੇ ਇੱਕ ਟਰੱਕਿੰਗ ਹਾਦਸੇ ਵਿੱਚ ਆਪਣੇ ਪਤੀ ‘ਸਲਿਮ’ ਨੂੰ ਗੁਆ ਦਿੱਤਾ ਸੀ। ਹਾਦਸੇ ’ਚ ਪੰਜਾਬੀ ਮੂਲ ਦੇ ਯਾਦਵਿੰਦਰ ਸਿੰਘ ਭੱਟੀ ਅਤੇ NSW ’ਚ ਰਹਿਣ ਵਾਲੇ ਇੱਕ ਹੋਰ ਪੰਜਾਬੀ ਮੂਲ ਦੇ ਵਿਅਕਤੀ ਦੀ ਵੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਆਇਰ ਹਾਈਵੇਅ ‘ਤੇ ਟਰੱਕ ਹਾਦਸੇ ’ਚ ਮ੍ਰਿਤਕ ਦੀ ਪਤਨੀ ਨੇ ਟਰੱਕਿੰਗ ਉਦਯੋਗ ’ਚ ਸੁਧਾਰ ਲਈ ਸ਼ੁਰੂ ਕੀਤੀ ਮੁਹਿੰਮ – Sea7 Australia