ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 51 ਸਰੂਪ

ਮੈਲਬਰਨ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 51 ਸਰੂਪ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਤੋਂ ਨਿਊਜ਼ੀਲੈਂਡ ਪਹੁੰਚ ਗਏ ਹਨ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਦੇ ਜਥੇ ਦੀ ਅਗਵਾਈ ਕੀਤੀ ਅਤੇ ਸੰਗਤ ਨੇ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਦਿਆਂ ਵੱਡੇ ਕਾਰਜ ਨੂੰ ਨੇਪਰੇ ਚੜ੍ਹਾਇਆ।

ਜਾਣਕਾਰੀ ਅਨੁਸਾਰ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਦੀ ਅਗਵਾਈ ’ਚ ਕਾਫੀ ਸੰਗਤ ਨਿਊਜ਼ੀਲੈਂਡ ਤੋਂ ਮੈਲਬਰਨ ਆਈ ਸੀ। ਇਹ ਜਥਾ ਸ਼ਨੀਵਾਰ ਨੂੰ ਹਵਾਈ ਜਹਾਜ਼ ਦੇ ਇੱਕ ‘ਵਿਸ਼ੇਸ਼ ਕੈਬਿਨ’ ਰਾਹੀਂ ਵਾਪਸ ਆਕਲੈਂਡ ਪਹੁੰਚ ਗਏ। ਦੋਹਾਂ ਏਅਰਪੋਰਟਾਂ ’ਤੇ ਖਾਲਸੇ ਦੇ ਜੈਕਾਰਿਆਂ ‘ਬੋਲੇ ਸੋ ਨਿਹਾਲ’ ਦੀਆਂ ਗੂੰਜਾਂ ਪੈਂਦੀਆਂ ਰਹੀਆਂ।

ਇਹ ਸਰੂਪ ਪਹਿਲਾਂ ਪੰਜਾਬ ਤੋਂ ਇੱਕ ਸ਼ਿੱਪ ਰਾਹੀਂ ਜਿਸ ਵਿੱਚ ਇੱਕ ‘ਵਿਸ਼ੇਸ਼ ਬੱਸ’ ਨੂੰ ਚੜ੍ਹਾਇਆ ਗਿਆ ਸੀ, ਉਸ ਰਾਹੀਂ ਮੈਲਬਰਨ ਲਿਆਂਦੇ ਗਏ ਸਨ।