ਮੈਲਬਰਨ : ਕੁਈਨਜ਼ਲੈਂਡ ’ਚ ਗਰਮੀਆਂ ਦਾ ਮੌਸਮ ਇਸ ਵਾਰੀ ਇੱਕ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਰਾਜਧਾਨੀ ਬ੍ਰਿਸਬੇਨ ’ਚ 30 ਡਿਗਰੀ ਤੋਂ ਟੱਪ ਗਿਆ ਹੈ। ਮੌਸਮ ਵਿਗਿਆਨ ਬਿਊਰੋ ਦੇ ਅਨੁਸਾਰ, ਸੋਮਵਾਰ ਲਈ ਬ੍ਰਿਸਬੇਨ ’ਚ 30 ਡਿਗਰੀ ਹੈ ਅਤੇ ਮੰਗਲਵਾਰ ਨੂੰ 33 ਡਿਗਰੀ ਆਸਪਾਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ, ਮੰਗਲਵਾਰ ਸ਼ਾਮ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਦੱਖਣ-ਪੂਰਬੀ ਕੁਈਨਜ਼ਲੈਂਡ ਵਿਚ ਸ਼ਾਮ ਤੱਕ ਤੂਫਾਨ ਆਉਣ ਦੀ ਸੰਭਾਵਨਾ ਹੈ। ਇਹ ਤੂਫਾਨ ਗੜੇਮਾਰੀ ਅਤੇ ਤੇਜ਼ ਹਵਾਵਾਂ ਲੈ ਕੇ ਆ ਸਕਦਾ ਹੈ ਅਤੇ ਭਾਰੀ ਮੀਂਹ ਲਿਆ ਸਕਦਾ ਹੈ। ਬ੍ਰਿਸਬੇਨ ਖੇਤਰ ਵਿੱਚ ਤਾਪਮਾਨ ਵੀ 20 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ।
ਬ੍ਰਿਸਬੇਨ ਦੀ ਤਰ੍ਹਾਂ ਸਿਡਨੀ ਵਾਸੀਆਂ ਨੂੰ ਵੀ ਸੋਮਵਾਰ ਨੂੰ ਗਰਮ ਮੌਸਮ ਦੇਖਣ ਨੂੰ ਮਿਲੇਗਾ, ਜਦੋਂ ਕਿ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘਟ ਕੇ 19 ਡਿਗਰੀ ਸੈਲਸੀਅਸ ਰਹਿ ਜਾਵੇਗਾ।
ਇਸ ਦੌਰਾਨ, ਨੌਰਦਰਨ ਟੈਰੀਟਰੀ ਦੇ ਉਪਰਲੇ ਸਿਰੇ ਅਤੇ ਉੱਤਰੀ ਪੱਛਮੀ ਆਸਟ੍ਰੇਲੀਆ ਵਿੱਚ ਐਤਵਾਰ ਤੋਂ ਸ਼ੁਰੂ ਹੋਈ ਹੀਟਵੇਵ ਜਾਰੀ ਹੈ, ਜਿਸ ਵਿੱਚ ਗਰਮ ਤਾਪਮਾਨ 40 ਦੇ ਨੇੜੇ ਤਕ ਤੱਕ ਪਹੁੰਚ ਗਿਆ ਹੈ। ਮੌਸਮ ਵਿਗਿਆਨ ਬਿਊਰੋ ਨੇ ਦੋਵਾਂ ਖੇਤਰਾਂ ਲਈ ਲੂ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਔਸਤ ਤੋਂ ਵੱਧ ਤਾਪਮਾਨ ਹਫਤੇ ਦੇ ਅੰਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਉੱਤਰੀ ਵੈਸਟਰਨ ਆਸਟ੍ਰੇਲੀਆ ਦੇ Fitzroy Crossing ’ਤੇ ਮੰਗਲਵਾਰ ਨੂੰ ਤਾਪਮਾਨ 43 ਡਿਗਰੀ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦੋਂ ਕਿ Broome 38 ਡਿਗਰੀ ਅਤੇ Darwin 36 ਡਿਗਰੀ ਤੱਕ ਪਹੁੰਚ ਸਕਦਾ ਹੈ।