Melbourne Sikh United ਨੇ ਜਿੱਤਿਆ International Hockey Cup – Melbourne 2024, ਮਹਿਲਾ ਵਰਗ ’ਚ NSW Lions ਨੇ ਮਾਰੀ ਬਾਜ਼ੀ

ਮੈਲਬਰਨ : ਬੀਤੇ ਐਤਵਾਰ, 29 ਸਤੰਬਰ ਨੂੰ, ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਖੇ International Hockey Cup – Melbourne ਦਾ ਫ਼ਾਈਨਲ ਮੈਚ ਹੋਇਆ ਜਿਸ ’ਚ Melbourne Sikh United ਨੇ Top Right ਨੂੰ ਨਾਟਕੀ ਸ਼ੂਟਆਊਟ ਤੋਂ ਬਾਅਦ International Hockey Cup – Melbourne 2024 ਪੁਰਸ਼ ਚੈਂਪੀਅਨਸ਼ਿਪ ਜਿੱਤ ਲਈ ਹੈ। NSW Lions ਮਹਿਲਾ ਚੈਂਪੀਅਨ ਵਜੋਂ ਉਭਰਿਆ, ਟੀਮ ਕੈਸੀ ਉਪ ਜੇਤੂ ਰਹੀ।

ਪੂਰੇ ਟੂਰਨਾਮੈਂਟ ’ਚ ਅਜੇਤੂ ਰਹੀ NSW Lions ਟੀਮ ਦੀ ਖਿਡਾਰਨ Lola Dorman ਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰਨ ਪੁਰਸਕਾਰ ਦਿੱਤਾ ਗਿਆ। ਜਦਕਿ NSW Lions ਦੇ ਨੀਤ ਜੇਤਲੀ ਨੂੰ ਪੁਰਸ਼ ਵਰਗ ’ਚੋਂ ਬਿਹਤਰੀਨ ਖਿਡਾਰੀ ਦਾ ਪੁਰਸਕਾਰ ਦਿੱਤਾ ਗਿਆ।

ਫਸਵੇਂ ਮੈਚਾਂ ਨਾਲ ਟੂਰਨਾਮੈਂਟ ਨੇ ਅੰਤਰਰਾਸ਼ਟਰੀ ਮਿਆਰ ਦੀ ਹਾਕੀ ਦਾ ਰੰਗ ਹੀ ਨਹੀਂ ਬੰਨਿਆ, ਸਗੋਂ ਪੰਜਾਬੀ ਭਾਈਚਾਰੇ ਦੇ ਹਾਕੀ ਨਾਲ ਮੋਹ ਨੂੰ ਵੀ ਕੌਮਾਂਤਰੀ ਮੰਚ ਤੇ ਪੇਸ਼ ਕੀਤਾ। ਸਫਲਤਾਪੂਰਵਕ ਸਮਾਪਤ ਹੋਏ International Hockey Cup – Melbourne 2024 ਵਿੱਚ ਕਈ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਅਤੇ ਚੋਟੀ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ’ਚ ਅਕਾਸ਼ਦੀਪ ਸਿੰਘ ਅਤੇ ਹਰਜੀਤ ਸਿੰਘ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਨਾਲ ਇਸ ਟੂਰਨਾਮੈਂਟ ਵਿੱਚ ਉਤਸ਼ਾਹ ਪੈਦਾ ਹੋਇਆ।

ਪ੍ਰਬੰਧਕ ਮਨਪ੍ਰੀਤ ਸਿੰਘ ਅਤੇ ਕੁਲਬੀਰ ਸਿੰਘ ਸੈਣੀ ਨੇ ਖਿਡਾਰੀਆਂ, ਹਾਕੀ ਵਿਕਟੋਰੀਆ, ਰੈਫਰੀਆਂ ਅਤੇ ਸਪਾਂਸਰਾਂ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਸਮਾਗਮ ਨੇ ਅੰਤਰਰਾਸ਼ਟਰੀ ਖੇਡਾਂ ਦੇ ਕੇਂਦਰ ਵਜੋਂ ਮੈਲਬਰਨ ਦੀ ਸਾਖ ਨੂੰ ਮਜ਼ਬੂਤ ਕੀਤਾ, ਹਾਕੀ ਰਾਹੀਂ ਗਲੋਬਲ ਸਬੰਧਾਂ ਨੂੰ ਉਤਸ਼ਾਹਤ ਕੀਤਾ।