ਜਾਂਦੇ-ਜਾਂਦੇ ਇਕ ਵਾਰੀ ਫਿਰ ਆਸਟ੍ਰੇਲੀਆ ’ਚ ਕਈ ਥਾਵਾਂ ’ਤੇ ਕਾਂਬਾ ਛੇੜੇਗੀ ਠੰਢ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

ਮੈਲਬਰਨ : ਦੱਖਣ-ਪੂਰਬੀ ਆਸਟ੍ਰੇਲੀਆ ’ਚ ਇਸ ਵੀਕਐਂਡ ਦੌਰਾਨ ਸਤੰਬਰ ਮਹੀਨੇ ਦਾ ਸਭ ਤੋਂ ਠੰਢਾ ਮੌਸਮ ਪਰਤਣ ਦੀ ਸੰਭਾਵਨਾ ਹੈ, ਜਿਸ ਨਾਲ ਤਾਪਮਾਨ ਰਿਕਾਰਡ ਹੇਠਲੇ ਪੱਧਰ ’ਤੇ ਆ ਸਕਦਾ ਹੈ। ਅੰਟਾਰਕਟਿਕਾ ਤੋਂ ਠੰਢੀ ਹਵਾ ਨਾਲ ਅਗਲੇ ਕੁੱਝ ਦਿਨਾਂ ਦੌਰਾਨ ਤਸਮਾਨੀਆ ਅਤੇ ਵਿਕਟੋਰੀਆ ਵਿਚ ਬਰਫ਼ਬਾਰੀ ਹੋਣ ਦੀ ਉਮੀਦ ਹੈ, ਜਿਸ ਨਾਲ ਹੋਬਾਰਟ ਇਸ ਸਦੀ ਵਿਚ ਬਸੰਤ ਦੇ ਸਭ ਤੋਂ ਠੰਢੇ ਦਿਨ ਦਾ ਅਨੁਭਵ ਕਰ ਸਕਦਾ ਹੈ। ਮੈਲਬਰਨ ’ਚ ਵੀ ਬਸੰਤ ਰੁੱਤ ‘ਚ ਤਾਪਮਾਨ 20 ਸਾਲ ਦੇ ਸਭ ਤੋਂ ਹੇਠਲੇ ਪੱਧਰ ‘ਤੇ ਰਹਿਣ ਦੀ ਸੰਭਾਵਨਾ ਹੈ।

ਹੋਬਾਰਟ ’ਚ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਤਕ ਰਹਿਣ ਦੀ ਸੰਭਾਵਨਾ ਹੈ। ਜਦਕਿ ਮੈਲਬਰਨ ’ਚ ਇਹ 11 ਜਾਂ 12 ਡਿਗਰੀ ਦੇ ਆਸਪਾਸ ਰਹਿ ਸਕਦਾ ਹੈ। ਐਤਵਾਰ ਨੂੰ ਤਸਮਾਨੀਆ ਅਤੇ ਵਿਕਟੋਰੀਆ ’ਚ ਬਰਫ਼ੀਲੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜੋ NSW ਦੇ ਸਮੁੰਦਰੀ ਕੰਢੇ ਤਕ ਪਹੁੰਚ ਸਕਦੀਆਂ ਹਨ, ਜਿਸ ਨਾਲ ਸਿਡਨੀ ਦਾ ਤਾਪਮਾਨ 17 ਡਿਗਰੀ ਸੈਂਟੀਗ੍ਰੇਡ ਤਕ ਡਿੱਗ ਸਕਦਾ ਹੈ।

ਠੰਢ ਦਾ ਮੌਸਮ ਅਗਲੇ ਹਫਤੇ ਵੀ ਜਾਰੀ ਰਹੇਗਾ, ਠੰਢੀ ਹਵਾ ਦੀ ਦੂਜੀ ਲਹਿਰ ਆਉਣ ਦੀ ਉਮੀਦ ਹੈ, ਜਿਸ ਨਾਲ ਵਾਧੂ ਬਰਫਬਾਰੀ ਅਤੇ ਔਸਤ ਤੋਂ ਹੇਠਾਂ ਤਾਪਮਾਨ ਆਵੇਗਾ। ਅਗਲੇ ਹਫਤੇ ਤੀਜੀ ਲਹਿਰ ਵੀ ਆਉਣ ਦੀ ਸੰਭਾਵਨਾ ਹੈ। ਲੰਬੇ ਸਮੇਂ ਤੱਕ ਠੰਢ ਰਹਿਣ ਨਾਲ ਪਹਾੜਾਂ ’ਤੇ ਵਿਆਪਕ ਠੰਢ ਅਤੇ ਬਰਫਬਾਰੀ ਹੋਵੇਗੀ, ਜਿਸ ਨਾਲ ਕੁਝ ਖੇਤਰਾਂ ਵਿੱਚ ਸੰਭਾਵਤ ਤੌਰ ’ਤੇ 15 ਸੈਂਟੀਮੀਟਰ ਤੋਂ ਵੱਧ ਬਰਫਬਾਰੀ ਹੋਣ ਦੀ ਸੰਭਾਵਨਾ ਹੈ।