ਮੈਲਬਰਨ : ਆਸਟ੍ਰੇਲੀਆ ਵਿਚ ਬੇਰੁਜ਼ਗਾਰੀ ਦੀ ਰੇਟ ਪਿਛਲੇ ਮਹੀਨੇ ਵਧੀ ਹੈ, ਹਾਲਾਂਕਿ ਇੰਪਲੋਇਅਰਸ ਨੇ ਉਮੀਦ ਨਾਲੋਂ ਲਗਭਗ ਤਿੰਨ ਗੁਣਾ ਨੌਕਰੀਆਂ ਜੋੜੀਆਂ ਹਨ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ ਜੁਲਾਈ ’ਚ ਬੇਰੁਜ਼ਗਾਰੀ ਦੀ ਦਰ 0.1 ਫੀਸਦੀ ਵਧ ਕੇ 4.2 ਫੀਸਦੀ ਹੋ ਗਈ। ਪਿਛਲੇ ਮਹੀਨੇ ਅਰਥਵਿਵਸਥਾ ਵਿਚ 58,000 ਹੋਰ ਨੌਕਰੀਆਂ ਸ਼ਾਮਲ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ‘ਫੁੱਲ ਟਾਈਮ’ ਸਨ। ਲੇਬਰ ਸਟੈਟਿਸਟਿਕਸ ਦੇ ਮੁਖੀ ਕੇਟ ਲੈਂਬ ਨੇ ਕਿਹਾ ਕਿ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ 24,000 ਦਾ ਵਾਧਾ ਹੋਇਆ ਹੈ। ਰੁਜ਼ਗਾਰ ਅਤੇ ਆਬਾਦੀ ਅਨੁਪਾਤ 0.1 ਪ੍ਰਤੀਸ਼ਤ ਅੰਕ ਵਧ ਕੇ 64.3 ਪ੍ਰਤੀਸ਼ਤ ਹੋ ਗਿਆ, ਜੋ ਦਰਸਾਉਂਦਾ ਹੈ ਕਿ ਰੁਜ਼ਗਾਰ ’ਚ ਵਾਧਾ ਆਬਾਦੀ ’ਚ ਵਾਧੇ ਨਾਲੋਂ ਤੇਜ਼ ਸੀ ਅਤੇ ਨਵੰਬਰ 2023 ਵਿੱਚ 64.4 ਪ੍ਰਤੀਸ਼ਤ ਦੇ ਇਤਿਹਾਸਕ ਉੱਚੇ ਪੱਧਰ ਤੋਂ ਥੋੜ੍ਹਾ ਹੀ ਘੱਟ ਸੀ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦਾ ਅਨੁਮਾਨ ਹੈ ਕਿ 2024 ਦੇ ਅੰਤ ਤੱਕ ਬੇਰੁਜ਼ਗਾਰੀ ਦੀ ਦਰ ਵਧ ਕੇ 4.3 ਪ੍ਰਤੀਸ਼ਤ ਹੋ ਜਾਵੇਗੀ।