ਖੁਫ਼ੀਆ ਵਿਭਾਗ ਮੁਖੀ ਦੀ ਚੇਤਾਵਨੀ, ‘ਮਿੱਤਰ ਦੇਸ਼ ਹੀ ਕਰ ਰਹੇ ਆਸਟ੍ਰੇਲੀਆ ’ਚ ਜਾਸੂਸੀ, ਜੇਕਰ ਨਾ ਹਟੇ ਤਾਂ…’

ਮੈਲਬਰਨ : ਆਸਟ੍ਰੇਲੀਅਨ ਸਕਿਓਰਿਟੀ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ (ASIO) ਦੇ ਡਾਇਰੈਕਟਰ ਜਨਰਲ ਆਫ ਸਕਿਓਰਿਟੀ ਮਾਈਕ ਬਰਗੇਸ ਨੇ ਕਿਹਾ ਹੈ ਕਿ ਘੱਟੋ-ਘੱਟ ਤਿੰਨ ਜਾਂ ਚਾਰ ਦੇਸ਼ ਆਸਟ੍ਰੇਲੀਆ ’ਚ ਵਿਦੇਸ਼ੀ ਦਖਲਅੰਦਾਜ਼ੀ ਵਿਚ ਸਰਗਰਮੀ ਨਾਲ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਇਨ੍ਹਾਂ ’ਚੋਂ ਕੁੱਝ ਦੇ ਨਾਂ ਤੁਹਾਨੂੰ ਹੈਰਾਨ ਕਰ ਦੇਣਗੇ, ਕਿਉਂਕਿ ਇਨ੍ਹਾਂ ਨੂੰ ਸਾਡੇ ਮਿੱਤਰ ਦੇਸ਼ ਵੀ ਮੰਨਿਆ ਜਾਂਦਾ ਹੈ।’’ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਆਸਟ੍ਰੇਲੀਆਈ ਲੋਕਾਂ ਨੂੰ ਇਨ੍ਹਾਂ ਦੇਸ਼ਾਂ ਤੋਂ ਖ਼ਤਰਾ ਵਧਦਾ ਹੈ ਤਾਂ ਉਹ ਇਨ੍ਹਾਂ ਦੇਸ਼ਾਂ ਦੇ ਨਾਮ ਵੀ ਜਨਤਕ ਕਰ ਦੇਣਗੇ।

ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਈਰਾਨ ਆਸਟ੍ਰੇਲੀਆ ਦੇ ਪ੍ਰਵਾਸੀ ਭਾਈਚਾਰਿਆਂ ਵਿਚ ਵਿਦੇਸ਼ੀ ਦਖਲਅੰਦਾਜ਼ੀ ਵਿਚ ਸ਼ਾਮਲ ਕਈ ਦੇਸ਼ਾਂ ਵਿਚੋਂ ਇਕ ਹੈ, ਪਰ ਬਾਕੀ ਦੇਸ਼ਾਂ ਦੇ ਨਾਂ ਨਹੀਂ ਲਏ। ਬਰਗੇਸ ਨੇ ਨੋਟ ਕੀਤਾ ਕਿ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਾਸੂਸੀ ਪ੍ਰਮੁੱਖ ਸੁਰੱਖਿਆ ਚਿੰਤਾਵਾਂ ਹਨ, ਅਤੇ ASIO ਨੇ ਪ੍ਰਵਾਸੀ ਭਾਈਚਾਰਿਆਂ ’ਤੇ ਨਿਗਰਾਨੀ ਕਰਨ ਵਾਲੇ ਵਿਅਕਤੀਆਂ ਦੀਆਂ ਗਤੀਵਿਧੀਆਂ ਨੂੰ ਰੋਕਿਆ ਹੈ।

ASIO ਮੁਖੀ ਨੇ ਸਿਆਸਤਦਾਨਾਂ ਅਤੇ ਮੀਡੀਆ ਨੂੰ ਵਿਅਕਤੀਗਤ ਅੱਤਵਾਦੀ ਹਮਲਿਆਂ ਨੂੰ ਪ੍ਰੇਰਿਤ ਕਰਨ ਦੇ ਖਤਰੇ ਦਾ ਹਵਾਲਾ ਦਿੰਦੇ ਹੋਏ ਆਪਣੀ ਭਾਸ਼ਾ ਪ੍ਰਤੀ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕੱਟੜਪੰਥੀ ਵਿਚਾਰਧਾਰਾਵਾਂ ਦੁਆਰਾ ਭਰਤੀ ਕੀਤੇ ਜਾਣ ਦਾ ਵਧੇਰੇ ਖਤਰਾ ਹੁੰਦਾ ਹੈ ਅਤੇ ਸੋਸ਼ਲ ਮੀਡੀਆ ਹਿੰਸਕ ਅੱਤਵਾਦ ਦਾ ਇਨਕਿਊਬੇਟਰ ਅਤੇ ਐਕਸੀਲੇਟਰ ਦੋਵੇਂ ਹੋ ਸਕਦਾ ਹੈ।