ਮੈਲਬਰਨ : ਪੰਜਾਬ ਦੇ ਤਰਨ ਤਾਰਨ ’ਚ ਸਥਿਤ ਇੱਕ ਪਿੰਡ ਅਲਾਦੀਨਪੁਰ ਦੇ ਇਕ ਪਰਿਵਾਰ ਨਾਲ ਇਕ NRI ਪਰਿਵਾਰ ਵੱਲੋਂ ਕਥਿਤ ਤੌਰ ’ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। NRI ਪਰਿਵਾਰ ਨੇ ਪੀੜਤ ਪਰਿਵਾਰ ਦੇ ਇੱਕ ਮੁੰਡੇ ਨੂੰ ਆਸਟ੍ਰੇਲੀਆ ਵਿਚ ਐਡਜਸਟ ਕਰਨ ਦਾ ਲਾਲਚ ਦੇ ਕੇ ਕਥਿਤ ਤੌਰ ’ਤੇ 40 ਲੱਖ ਰੁਪਏ ਠੱਗ ਲਏ। ਸੋਮਵਾਰ ਨੂੰ ਸਥਾਨਕ ਸਦਰ ਪੁਲਿਸ ਨੇ NRI ਪਰਿਵਾਰ ਦੇ ਤਿੰਨ ਮੈਂਬਰਾਂ ’ਤੇ ਮਾਮਲਾ ਦਰਜ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਕਰਮਜੀਤ ਕੌਰ, ਉਸ ਦੇ ਬੇਟੇ ਅਨਮੋਲ ਸਿੰਘ ਅਤੇ ਉਸ ਦੀ ਆਸਟ੍ਰੇਲੀਆ ਅਧਾਰਤ ਧੀ ਸੋਨੀਆਪ੍ਰੀਤ ਕੌਰ ਵਜੋਂ ਹੋਈ ਹੈ, ਜੋ ਪਿੰਡ ਦਿਆਲਪੁਰ ਦੇ ਵਸਨੀਕ ਸਨ।
ਚਾਰ ਸਾਲ ਪਹਿਲਾਂ ਕਰਮਜੀਤ ਕੌਰ ਨੇ ਅਲਾਦੀਨਪੁਰ ਦੀ ਰਹਿਣ ਵਾਲੀ ਮਨਿੰਦਰਜੀਤ ਕੌਰ ਨਾਲ ਸੰਪਰਕ ਕੀਤਾ ਸੀ ਅਤੇ ਆਪਣੀ ਧੀ ਸੋਨੀਆਪ੍ਰੀਤ ਕੌਰ ਦਾ ਵਿਆਹ ਉਸ (ਮਨਿੰਦਰਜੀਤ ਕੌਰ ਦੇ) ਬੇਟੇ ਓਂਕਾਰਦੀਪ ਸਿੰਘ ਨਾਲ ਕਰਨ ਦੀ ਪੇਸ਼ਕਸ਼ ਕੀਤੀ ਸੀ ਤਾਂ ਜੋ ਉਸ ਨੂੰ ਪੱਕੇ ਤੌਰ ’ਤੇ ਆਸਟ੍ਰੇਲੀਆ ਵਿਚ ਵਸਾਇਆ ਜਾ ਸਕੇ। ਦੋਵੇਂ ਧਿਰਾਂ ਕਰਮਜੀਤ ਕੌਰ ਦੇ ਵਿਆਹ ਦੇ ਪ੍ਰਸਤਾਵ ’ਤੇ ਸਹਿਮਤ ਹੋ ਗਈਆਂ। ਕਰਮਜੀਤ ਕੌਰ, ਉਸ ਦੇ ਬੇਟੇ ਅਨਮੋਲ ਸਿੰਘ ਅਤੇ ਬੇਟੀ ਸੋਨੀਆਪ੍ਰੀਤ ਕੌਰ ਨੂੰ ਇਹ ਰਕਮ ਮਿਲੀ ਪਰ ਉਨ੍ਹਾਂ ਨੇ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ। ਮਨਿੰਦਰਜੀਤ ਕੌਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
SP (ਜਾਂਚ) ਅਜੈਰਾਜ ਸਿੰਘ ਨੇ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਜਾਂਚ ਦੀ ਰਿਪੋਰਟ ਦੇ ਆਧਾਰ ’ਤੇ ਕਰਮਜੀਤ ਕੌਰ, ਉਸ ਦੇ ਬੇਟੇ ਅਨਮੋਲ ਸਿੰਘ ਅਤੇ ਬੇਟੀ ਸੋਨੀਆਪ੍ਰੀਤ ਕੌਰ ਖਿਲਾਫ ਸਦਰ ਪੁਲਿਸ ਨੇ ਧਾਰਾ 420 ਅਤੇ 120-ਬੀ, BNS ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਅਜੇ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਸੀ।