ਮੈਲਬਰਨ : ਯੂਨੀਵਰਸਿਟੀਜ਼ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਸਰਕਾਰ ਵੱਲੋਂ International Students ਦੇ ਦਾਖਲਿਆਂ ਨੂੰ ਸੀਮਤ ਕਰਨ ਦੇ ਪ੍ਰਸਤਾਵ ਨਾਲ ਇਸ ਖੇਤਰ ਵਿੱਚ 14,000 ਨੌਕਰੀਆਂ ਵਿੱਚ ਕਟੌਤੀ ਹੋ ਸਕਦੀ ਹੈ। ਯੂਨੀਵਰਸਿਟੀਜ਼ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ Luke Sheehy ਨੇ ਕਿਹਾ ਕਿ 2025 ਤੋਂ ਦੋ ਸਾਲਾਂ ਲਈ ਇੰਟਰਨੈਸ਼ਨਲ ਸਟੂਡੈਂਟਸ ਦੇ ਦਾਖਲੇ ਨੂੰ ਸੀਮਤ ਕਰਨ ਦੇ ਪ੍ਰਸਤਾਵ ਨਾਲ ਅਰਥਵਿਵਸਥਾ ਨੂੰ 4.3 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਅਤੇ ਨੌਕਰੀਆਂ ਦੀ ਵੱਡੀ ਕਟੌਤੀ ਹੋ ਸਕਦੀ ਹੈ।
Sheehy ਨੇ ਇਸ ਪ੍ਰਸਤਾਵ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ‘ਪ੍ਰਵਾਸ ਨੂੰ ਲੈ ਕੇ ਚੋਣ-ਪ੍ਰੇਰਿਤ ਲੜਾਈ’ ਵਿਚ ਅੱਗੇ ਵਧਣਾ ਹੈ। ਸਿੱਖਿਆ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਨਿਰਯਾਤ ਉਦਯੋਗਾਂ ਵਿੱਚੋਂ ਇੱਕ ਹੈ, ਜੋ 2023 ਵਿੱਚ 48 ਬਿਲੀਅਨ ਡਾਲਰ ਦਾ ਸੀ, ਅਤੇ ਲਗਭਗ 250,000 ਨੌਕਰੀਆਂ ਦਿੰਦਾ ਹੈ। ਸਰਕਾਰ ਵੱਲੋਂ ਸਖਤ ਵੀਜ਼ਾ ਪਾਬੰਦੀਆਂ ਅਤੇ ਅੰਗਰੇਜ਼ੀ ਦਾ IELTS ਟੈਸਟ ਲਾਗੂ ਕੀਤੇ ਜਾਣ ਤੋਂ ਬਾਅਦ 2024 ਦੇ ਪਹਿਲੇ ਚਾਰ ਮਹੀਨਿਆਂ ਵਿੱਚ ਇਸ ਖੇਤਰ ਵਿੱਚ Study Visa ਗ੍ਰਾਂਟਾਂ ਵਿੱਚ ਲਗਭਗ ਇੱਕ ਤਿਹਾਈ ਦੀ ਗਿਰਾਵਟ ਆਈ ਹੈ।