ਮੈਲਬਰਨ ਤੋਂ ਮੁੰਬਈ, ਭਾਰਤੀ ਚਖਣਗੇ ਆਸਟ੍ਰੇਲੀਆ ਦੇ ਇਸ ਅਨੋਖੇ ਫ਼ਲ ਦਾ ਸਵਾਦ

ਮੈਲਬਰਨ : ਐਵੋਕਾਡੋ ਲਈ ਆਸਟ੍ਰੇਲੀਆ ਦਾ ਪਿਆਰ ਅੰਤਰਰਾਸ਼ਟਰੀ ਪੱਧਰ ‘ਤੇ ਵੀ ਫੈਲ ਰਿਹਾ ਹੈ। ਵਿਸ਼ਵ ਪੱਧਰ ‘ਤੇ ਤੀਜਾ ਸਭ ਤੋਂ ਵੱਡਾ ਐਵੋਕਾਡੋ ਖਪਤਕਾਰ ਆਸਟ੍ਰੇਲੀਆ ਆਪਣੀ ਓਵਰਸਪਲਾਈ ਮੁੱਦੇ ਨੂੰ ਹੱਲ ਕਰਨ ਲਈ ਭਾਰਤ ਨੂੰ ਸੰਭਾਵਿਤ ਬਾਜ਼ਾਰ ਵਜੋਂ ਦੇਖ ਰਿਹਾ ਹੈ, ਜਿਸ ਦੀ ਭਾਰਤ ਵਿੱਚ ਮੰਗ ਵੱਧ ਰਹੀ ਹੈ। ਆਸਟ੍ਰੇਲੀਆ ਨੇ ਭਾਰਤ ਨੂੰ ਐਵੋਕਾਡੋ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨਾਲ ਆਸਟ੍ਰੇਲੀਆ ਦੇ ਕਿਸਾਨਾਂ ਅਤੇ ਆਰਥਿਕਤਾ ਲਈ ਲਾਭਦਾਇਕ ਮੌਕੇ ਵੀ ਪੈਦਾ ਹੋ ਰਹੇ ਹਨ। ਇਸ ਤੋਂ ਪਹਿਲਾਂ ਭਾਰਤ ਨਿਊਜ਼ੀਲੈਂਡ, ਤਨਜ਼ਾਨੀਆ, ਚਿੱਲੀ, ਪੇਰੂ ਅਤੇ ਕੀਨੀਆ ਤੋਂ ਐਵੋਕਾਡੋ ਪ੍ਰਾਪਤ ਕਰਦਾ ਸੀ।

ਭਾਰਤੀ ਇਸ ਵਿਦੇਸ਼ੀ ਫਲ ਦਾ ਵੱਧ ਤੋਂ ਵੱਧ ਸੇਵਨ ਕਰ ਰਹੇ ਹਨ, ਜਿਸ ਨੂੰ ਭਾਰਤ ਦੇ ਵਧ ਰਹੇ ਮੱਧ ਵਰਗ ਲਈ ਸੁਪਰਫੂਡ ਵਜੋਂ ਵੇਚਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਉੱਚ ਕੁਆਲਿਟੀ ਵਾਲੇ ਉਤਪਾਦਾਂ, ਘੱਟ ਸ਼ਿਪਿੰਗ ਲਾਗਤਾਂ ਅਤੇ ਇੱਕ ਨਵੇਂ ‘ਫ਼੍ਰੀ ਟਰੇਡ ਡੀਲ’ ਨਾਲ ਆਪਣੇ ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡਣ ਦਾ ਟੀਚਾ ਰੱਖਦੇ ਹੋਏ ਭਾਰਤੀ ਬਾਜ਼ਾਰ ਵਿੱਚ ਕਦਮ ਰਖਿਆ ਹੈ। ਸਾਲ 2028 ਤੱਕ ਭਾਰਤ ਆਸਟ੍ਰੇਲੀਆ ਦੇ ਫਲਾਂ ‘ਤੇ 30 ਫੀਸਦੀ ਟੈਰਿਫ ਖਤਮ ਕਰ ਦੇਵੇਗਾ।

ਐਵੋਕਾਡੋ ਦੇ ਐਕਸਪੋਰਟਰ ਐਂਟਨੀ ਐਲਨ ਦਾ ਅਨੁਮਾਨ ਹੈ ਕਿ ਭਾਰਤ ਤਿੰਨ ਸਾਲਾਂ ਦੇ ਅੰਦਰ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਐਵੋਕਾਡੋ ਇੰਪੋਰਟਰ ਬਣ ਸਕਦਾ ਹੈ। ਇਸ ਵਿਕਾਸ ਨੂੰ ਆਸਟ੍ਰੇਲੀਆਈ ਐਵੋਕਾਡੋ ਉਦਯੋਗ ਲਈ ਇੱਕ ਮਹੱਤਵਪੂਰਣ ਛਾਲ ਵਜੋਂ ਦੇਖਿਆ ਜਾਂਦਾ ਹੈ।