ਭਾਰਤ ਨੇ ਆਸਟ੍ਰੇਲੀਆ ਵਿਰੁਧ WTO ’ਚ ਕੀਤੀ ਸ਼ਿਕਾਇਤ, ਜਾਣੋ ਕੀ ਹੈ ਮਸਲਾ?

ਮੈਲਬਰਨ : ਭਾਰਤ ਨੇ ਵਿਸ਼ਵ ਵਪਾਰ ਸੰਗਠਨ (WTO) ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਸਮਝੌਤਾ ਕਰਵਾਉਣ ਲਈ ਆਸਟ੍ਰੇਲੀਆ ਵਿਰੁਧ ਵਿਚੋਲਗੀ ਦੀ ਕਾਰਵਾਈ ਕਰੇ। ਦਰਅਸਲ ਇਹ ਸਮਝੌਤਾ ਆਸਟ੍ਰੇਲੀਆ ਦੇ ਹੱਕ ’ਚ ਜਾ ਰਿਹਾ ਹੈ, ਜਿਸ ਨਾਲ ਭਾਰਤ ਨੂੰ ਨੁਕਸਾਨ ਹੋ ਸਕਦਾ ਹੈ। ਆਸਟ੍ਰੇਲੀਆ ਨੇ 17 ਨਵੰਬਰ, 2023 ਨੂੰ WTO ਨੂੰ ਸੂਚਿਤ ਕੀਤਾ ਸੀ ਕਿ ਉਹ ਸੇਵਾਵਾਂ ਵਿੱਚ ਵਪਾਰ ਬਾਰੇ ਆਮ ਸਮਝੌਤੇ (GATS) ਦੇ ਤਹਿਤ ਆਪਣੀਆਂ ਵਿਸ਼ੇਸ਼ ਵਚਨਬੱਧਤਾਵਾਂ ਦੇ ਕਾਰਜਕ੍ਰਮ ਵਿੱਚ ਸੋਧ ਕਰਨ ਦਾ ਇਰਾਦਾ ਰਖਦਾ ਹੈ ਤਾਂ ਜੋ ਘਰੇਲੂ ਸੇਵਾਵਾਂ ਦੇ ਨਿਯਮਾਂ ਨਾਲ ਸਬੰਧਤ ਵਾਧੂ ਵਚਨਬੱਧਤਾਵਾਂ ਨੂੰ ਸ਼ਾਮਲ ਕੀਤਾ ਜਾ ਸਕੇ।

ਪਰ ਭਾਰਤ ਨੇ ‘ਪ੍ਰਭਾਵਿਤ ਮੈਂਬਰ’ ਹੋਣ ਦੇ ਨਾਤੇ ਕਿਹਾ ਹੈ ਕਿ ਆਸਟ੍ਰੇਲੀਆ ਵੱਲੋਂ ਕੀਤੀ ਜਾਣ ਵਾਲੀ ਸੋਧ ਕੁਝ ਸ਼ਰਤਾਂ ਨੂੰ ਪੂਰਾ ਨਹੀਂ ਕਰਦੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਗੱਲਬਾਤ ਦੇ ਬਾਵਜੂਦ 19 ਅਪ੍ਰੈਲ, 2024 ਦੀ ਆਪਸੀ ਸਹਿਮਤੀ ਵਾਲੀ ਸਮਾਂ ਸੀਮਾ ਤੱਕ ਕੋਈ ਸਮਝੌਤਾ ਨਹੀਂ ਹੋ ਸਕਿਆ। ਇਸ ਦੇ ਨਤੀਜੇ ਵਜੋਂ ਭਾਰਤ ਨੇ ਆਸਟ੍ਰੇਲੀਆ ਨਾਲ ਸਮਝੌਤੇ ਲਈ ਵਿਚੋਲਗੀ ਦੀ ਕਾਰਵਾਈ ਦੀ ਬੇਨਤੀ ਕੀਤੀ ਹੈ। ਫਰਵਰੀ ਦੌਰਾਨ ਅਬੂ ਧਾਬੀ ਵਿੱਚ, 70 ਤੋਂ ਵੱਧ WTO ਦੇਸ਼ਾਂ ਨੇ ਆਪਸ ਵਿੱਚ ਗੈਰ-ਵਸਤੂਆਂ ਦੇ ਵਪਾਰ ਨੂੰ ਸਹੂਲਤਜਨਕ ਬਣਾਉਣ ਲਈ GATS ਦੇ ਤਹਿਤ ਵਾਧੂ ਜ਼ਿੰਮੇਵਾਰੀਆਂ ਲੈਣ ਅਤੇ WTO ਦੇ ਹੋਰ ਸਾਰੇ ਮੈਂਬਰਾਂ ਨੂੰ ਵੀ ਅਜਿਹੀਆਂ ਰਿਆਇਤਾਂ ਦੇਣ ਲਈ ਸਹਿਮਤੀ ਦਿੱਤੀ ਸੀ।