ਮੈਲਬਰਨ: ਸਿਡਨੀ ਦੇ ਦੱਖਣ-ਪੱਛਮ ਵਿੱਚ ਇੱਕ ਦਰਦਨਾਕ ਕਾਰ ਹਾਦਸਾ ਵਾਪਰਿਆ, ਜਿਸ ਦੇ ਨਤੀਜੇ ਵਜੋਂ ਇੱਕ ਪਿਤਾ ਅਤੇ ਉਸ ਦੀ 11 ਸਾਲ ਦੀ ਧੀ ਦੀ ਮੌਤ ਹੋ ਗਈ। ਹਾਦਸੇ ‘ਚ ਇਕ ਟੋਯੋਟਾ ਸੇਡਾਨ ਕਾਰ ਅਤੇ ਟੋਯੋਟਾ ਯੂਟ ਵਿਚਕਾਰ ਹੋਇਆ, ਜਿਸ ਨੂੰ 52 ਸਾਲ ਦਾ ਰਾਈਡਸ਼ੇਅਰ ਡਰਾਈਵਰ ਚਲਾ ਰਿਹਾ ਸੀ। ਹਾਦਸੇ ਦੌਰਾਨ ਕਾਰ ਪਲਟ ਗਈ, ਜਿਸ ਕਾਰਨ ਯਾਤਰੀ ਕਾਰ ਅੰਦਰ ਹੀ ਫਸ ਗਏ। ਸੇਡਾਨ ‘ਚ ਸਵਾਰ ਇਕ ਹੋਰ ਯਾਤਰੀ 9 ਸਾਲ ਦਾ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ ਅਤੇ ਹਸਪਤਾਲ ‘ਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਰਾਈਡਸ਼ੇਅਰ ਡਰਾਈਵਰ ਦੀ ਹਾਲਤ ਵੀ ਗੰਭੀਰ ਪਰ ਸਥਿਰ ਹੈ। 19 ਸਾਲ ਦੇ ਯੂਟ ਡਰਾਈਵਰ ਦਾ ਹਸਪਤਾਲ ‘ਚ ਟੈਸਟ ਕੀਤਾ ਗਿਆ ਅਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ।
ਸਹਾਇਕ ਕਮਿਸ਼ਨਰ ਬ੍ਰੇਟ ਮੈਕਫੈਡਨ ਨੇ ਪੁਸ਼ਟੀ ਕੀਤੀ ਕਿ ਹਾਦਸੇ ਦੇ ਸਮੇਂ ਟ੍ਰੈਫਿਕ ਲਾਈਟਾਂ ਕੰਮ ਕਰ ਰਹੀਆਂ ਸਨ ਅਤੇ ਿਕਹਾ ਕਿ ਰਾਈਡਸ਼ੇਅਰ ਡਰਾਈਵਰ ਦਾ ਸੱਜਾ ਮੋੜ ਲੈਣ ਦਾ ਫੈਸਲਾ ਅਸੁਰੱਖਿਅਤ ਸੀ। ਹਾਦਸੇ ਵਾਲੀ ਥਾਂ 70 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲਾ ਇਲਾਕਾ ਸੀ, ਅਤੇ ਤੇਜ਼ ਰਫ਼ਤਾਰ ਹਾਦਸੇ ਦਾ ਕਾਰਨ ਹੋ ਸਕਦੀ ਹੈ। ਰਾਈਡਸ਼ੇਅਰ ਕੰਪਨੀ DiDi ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਅਤੇ ਜਾਂਚ ਵਿਚ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਸਹਿਯੋਗ ਕਰਨ ਦਾ ਵਾਅਦਾ ਕੀਤਾ।