ਮੈਲਬਰਨ: ਸਿਡਨੀ ਅਧਾਰਤ ਸੋਸ਼ਲ ਐਂਟਰਪ੍ਰਾਈਜ਼ ‘ਸ਼੍ਰੀ ਓਮ ਕੇਅਰ’ ਨੇ ਪੱਛਮੀ ਸਿਡਨੀ ਵਿੱਚ ਆਪਣੇ ਅਸਿਸਟਡ ਲਿਵਿੰਗ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ। ਲੇਬਰ ਪਾਰਟੀ ਤੋਂ 6 ਲੱਖ ਡਾਲਰ ਦੀ ਗ੍ਰਾਂਟ ਨਾਲ ਫੰਡ ਪ੍ਰਾਪਤ ਇਹ ਪ੍ਰੋਜੈਕਟ ਦੱਖਣੀ ਏਸ਼ੀਆਈ ਬਜ਼ੁਰਗਾਂ ਲਈ ਲਾਲੋਰ ਪਾਰਕ ਵਿੱਚ 20 ਬਿਸਤਰਿਆਂ ਦੀ ਸਹੂਲਤ ਪ੍ਰਦਾਨ ਕਰੇਗਾ।
ਇੱਥੇ ਬਜ਼ੁਰਗਾਂ ਨੂੰ ਸੱਭਿਆਚਾਰਕ ਤੌਰ ’ਤੇ ਢੁਕਵਾਂ ਭੋਜਨ, ਭਾਸ਼ਾ ਅਤੇ ਸਾਥ ਮਿਲੇਗਾ। ਇਹ ਪ੍ਰੋਜੈਕਟ ਬਜ਼ੁਰਗ ਭਾਰਤੀ ਪ੍ਰਵਾਸੀ ਆਬਾਦੀ ਲਈ ਇੱਕ ਮੀਲ ਪੱਥਰ ਦੱਸਿਆ ਜਾ ਰਿਹਾ ਹੈ, ਜੋ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਪ੍ਰਵਾਸੀ ਸਮੂਹਾਂ ਵਿੱਚੋਂ ਇੱਕ ਹੈ। ਇਸ ਫ਼ੈਸੇਲਿਟੀ ਦੇ ਜੂਨ 2025 ਤੱਕ ਚਾਲੂ ਹੋਣ ਦੀ ਉਮੀਦ ਹੈ, ਜਿਸ ਵਿੱਚ ਸਟਾਫ, ਮੀਟਿੰਗਾਂ, ਦਫਤਰਾਂ ਅਤੇ ਇੱਕ ਗਤੀਵਿਧੀ ਕੇਂਦਰ ਲਈ ਜਗ੍ਹਾ ਸ਼ਾਮਲ ਹੋਵੇਗੀ। ਇਸ ਮੌਕੇ ਆਸਟ੍ਰੇਲੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਸੰਗਠਨ ਦੇ ਕੰਮ ਦੀ ਸ਼ਲਾਘਾ ਕੀਤੀ।