ਆਕਲੈਂਡ : ਕੈਨੇਡਾ ਕ੍ਰਿਕਟ ਜਗਤ ਇਸ ਸਮੇਂ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਸੁਰਖੀਆਂ ਵਿੱਚ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਐਂਟੀ-ਕਰੱਪਸ਼ਨ ਯੂਨਿਟ (ACU) ਨੇ ਹਾਲ ਹੀ ਵਿੱਚ ਕੈਨੇਡਾ ਦੀ ਟੀਮ ਨਾਲ ਜੁੜੇ ਕਈ ਮੈਚਾਂ ਅਤੇ ਪ੍ਰਸ਼ਾਸਨਿਕ ਫੈਸਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਉਦੋਂ ਗਰਮਾਇਆ ਜਦੋਂ ਇੱਕ ਕੈਨੇਡੀਅਨ ਡਾਕੂਮੈਂਟਰੀ ‘ਕਰੱਪਸ਼ਨ, ਕ੍ਰਾਈਮ ਐਂਡ ਕ੍ਰਿਕਟ’ ਵਿੱਚ ਟੀਮ ਦੀ ਚੋਣ ਅਤੇ ਮੈਚ ਫਿਕਸਿੰਗ ਨਾਲ ਜੁੜੇ ਕਈ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਗਏ।
ਜਾਂਚ ਦੇ ਘੇਰੇ ਵਿੱਚ ਖਾਸ ਤੌਰ ’ਤੇ 2024 ਦੇ T20 ਵਿਸ਼ਵ ਕੱਪ ਦੌਰਾਨ ਨਿਊਜ਼ੀਲੈਂਡ ਵਿਰੁੱਧ ਖੇਡਿਆ ਗਿਆ ਮੈਚ ਹੈ। ਇਸ ਵਿੱਚ ਕੈਨੇਡੀਅਨ ਕਪਤਾਨ ਦਿਲਪ੍ਰੀਤ ਬਾਜਵਾ ਵੱਲੋਂ ਸੁੱਟਿਆ ਗਿਆ ਇੱਕ ਸ਼ੱਕੀ ਓਵਰ, ਜਿਸ ਵਿੱਚ ਨੋ-ਬਾਲ ਅਤੇ ਵਾਈਡ ਸ਼ਾਮਲ ਸਨ, ਸ਼ੱਕ ਦੇ ਘੇਰੇ ਵਿੱਚ ਹੈ। ਇਸ ਤੋਂ ਇਲਾਵਾ, ਇੱਕ ਲੀਕ ਹੋਈ ਫੋਨ ਰਿਕਾਰਡਿੰਗ ਨੇ ਵੀ ਹੰਗਾਮਾ ਮਚਾਇਆ ਹੈ, ਜਿਸ ਵਿੱਚ ਕਥਿਤ ਤੌਰ ’ਤੇ ਟੀਮ ਦੀ ਚੋਣ ਵਿੱਚ ਬੋਰਡ ਮੈਂਬਰਾਂ ਦੇ ਦਬਾਅ ਅਤੇ ਮੈਚ ਫਿਕਸਿੰਗ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਹੈ।
ਸਾਬਕਾ ਕੋਚਾਂ ਨੇ ਵੀ ਬੋਰਡ ’ਤੇ ਗਲਤ ਤਰੀਕੇ ਨਾਲ ਦਖ਼ਲਅੰਦਾਜ਼ੀ ਕਰਨ ਦੇ ਦੋਸ਼ ਲਾਏ ਹਨ। ICC ਨੇ ਕਿਹਾ ਹੈ ਕਿ ਉਹ ਖੇਡ ਦੀ ਇਮਾਨਦਾਰੀ ਨੂੰ ਬਚਾਉਣ ਲਈ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਵਿਵਾਦ ਨੇ ਕੈਨੇਡੀਅਨ ਕ੍ਰਿਕਟ ਦੇ ਭਵਿੱਖ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ।
