ਆਸਟ੍ਰੇਲੀਆ: Coalition ਵੱਲੋਂ ਤੰਬਾਕੂ ਟੈਕਸ ’ਚ 80 ਫੀਸਦੀ ਕਟੌਤੀ ਅਤੇ ਵੇਪਸ ਨੂੰ ਕਾਨੂੰਨੀ ਮਾਨਤਾ ਦੇਣ ਦੀ ਯੋਜਨਾ

Sea7 Australia Team
2 Min Read

ਮੈਲਬਰਨ : ਆਸਟ੍ਰੇਲੀਆ ’ਚ ਵਿਰੋਧੀ ਧਿਰ Coalition ਨੇ ਦੇਸ਼ ਦੇ ਵਧਦੇ ਕਾਲਾਬਾਜ਼ਾਰੀ ਅਤੇ ਸੰਗਠਿਤ ਅਪਰਾਧ ਨੂੰ ਨੱਥ ਪਾਉਣ ਲਈ ਇੱਕ ਵੱਡੀ ਨੀਤੀ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਜੇਕਰ Coalition ਸੱਤਾ ’ਚ ਆਉਂਦੀ ਹੈ, ਤਾਂ ਤੰਬਾਕੂ ਐਕਸਾਈਜ਼ ਡਿਊਟੀ ’ਚ 80 ਫੀਸਦੀ ਦੀ ਭਾਰੀ ਕਟੌਤੀ ਕੀਤੀ ਜਾਵੇਗੀ।

ਇਸ ਤਜਵੀਜ਼ ਮੁਤਾਬਕ, 20 ਸਿਗਰਟਾਂ ਦੇ ਇੱਕ ਮਿਆਰੀ ਪੈਕੇਟ ’ਤੇ ਲੱਗਣ ਵਾਲਾ ਲਗਭਗ 30 ਡਾਲਰ ਦਾ ਟੈਕਸ ਘਟ ਕੇ ਸਿਰਫ਼ 6 ਡਾਲਰ ਰਹਿ ਜਾਵੇਗਾ, ਜਿਸ ਨਾਲ ਰਿਟੇਲ ਕੀਮਤਾਂ 16 ਡਾਲਰ ਤੋਂ 26 ਡਾਲਰ ਤੱਕ ਆ ਸਕਦੀਆਂ ਹਨ। ਇਹ ਫੈਸਲਾ ਦੋ ਸਾਲ ਬਾਅਦ ਸਮੀਖਿਆ ਅਧੀਨ ਹੋਵੇਗਾ।

ਵਿਰੋਧੀ ਧਿਰ ਦੇ ਲੀਡਰ Angus Taylor ਨੇ ਦੱਸਿਆ ਕਿ ਮੌਜੂਦਾ ਉੱਚ ਟੈਕਸ ਪ੍ਰਣਾਲੀ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ ਅਤੇ ਇਸ ਨਾਲ ਅਪਰਾਧਿਕ ਗਰੋਹਾਂ ਨੂੰ 15 ਡਾਲਰ ਤੋਂ ਘੱਟ ’ਚ ਗੈਰ-ਕਾਨੂੰਨੀ ਸਿਗਰਟਾਂ ਵੇਚ ਕੇ ਮੋਟਾ ਮੁਨਾਫ਼ਾ ਕਮਾਉਣ ਦਾ ਮੌਕਾ ਮਿਲ ਰਿਹਾ ਹੈ।

ਵਿਰੋਧੀ ਧਿਰ ਦੀ ਯੋਜਨਾ ਅਨੁਸਾਰ ਬਾਲਗਾਂ ਲਈ ਵੇਪਸ ਅਤੇ ਨਿਕੋਟੀਨ ਪਾਊਚਾਂ ਨੂੰ ਕਾਨੂੰਨੀ ਦਾਇਰੇ ’ਚ ਲਿਆ ਕੇ ਉਨ੍ਹਾਂ ’ਤੇ ਟੈਕਸ ਲਗਾਇਆ ਜਾਵੇਗਾ। ਛਾਪੇਮਾਰੀ, ਗ੍ਰਿਫ਼ਤਾਰੀਆਂ ਅਤੇ ਗੈਰ-ਕਾਨੂੰਨੀ ਦੁਕਾਨਾਂ ਬੰਦ ਕਰਵਾਉਣ ਲਈ 200 ਮਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ। ਨਾਲ ਹੀ ਸੰਗਠਿਤ ਅਪਰਾਧ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਲਈ 60 ਮਿਲੀਅਨ ਡਾਲਰ ਵੀ ਖਰਚੇ ਜਾਣਗੇ।

ਸੰਸਦੀ ਬਜਟ ਦਫ਼ਤਰ ਦਾ ਅੰਦਾਜ਼ਾ ਹੈ ਕਿ ਇਸ ਕਦਮ ਨਾਲ ਅਗਲੇ ਚਾਰ ਸਾਲਾਂ ਵਿੱਚ ਟੈਕਸ ਮਾਲੀਆ ਲਗਭਗ $8 ਬਿਲੀਅਨ ਵਧ ਸਕਦਾ ਹੈ। ਹਾਲਾਂਕਿ, ਜਨਤਕ ਸਿਹਤ ਮਾਹਿਰਾਂ, ਜਿਵੇਂ ਕਿ University of Sydney ਦੀ Becky Freeman, ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਸਸਤੀਆਂ ਸਿਗਰਟਾਂ ਦੀ ਦੌੜ ਸ਼ੁਰੂ ਹੋ ਸਕਦੀ ਹੈ ਅਤੇ ਸਿਹਤ ਸੁਧਾਰਾਂ ਨੂੰ ਨੁਕਸਾਨ ਪਹੁੰਚੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ Pauline Hanson ਦੀ One Nation ਪਾਰਟੀ ਨੇ ਵੀ 75 ਫੀਸਦੀ ਕਟੌਤੀ ਦੀ ਤਜਵੀਜ਼ ਰੱਖੀ ਸੀ। ਪਰ ਵਿਰੋਧੀ ਧਿਰ ਦੀ ਡਿਪਟੀ ਲੀਡਰ Jane Hume ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਯੋਜਨਾ One Nation ਦੀ ਨੀਤੀ ਤੋਂ ਬਿਲਕੁਲ ਵੱਖਰੀ ਅਤੇ ਪੂਰੀ ਤਰ੍ਹਾਂ ਬਜਟ-ਮਾਡਲ ‘ਤੇ ਅਧਾਰਿਤ ਹੈ।

Share This Article
Leave a Comment

Leave a Reply

Your email address will not be published. Required fields are marked *