ਮੈੱਲਬਰਨ : ਵਿਕਟੋਰੀਆ ਦੀ ਪਾਰਲੀਮੈਂਟ ਨੇ ਸਟੇਅ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਧਰਮੀ ਭਾਈਚਾਰਿਆਂ ਦੀ ਬਿਹਤਰ ਨੁਮਾਇੰਦਗੀ ਲਈ ਇੱਕ ਇਤਿਹਾਸਕ ਬਿੱਲ ਪਾਸ ਕਰ ਦਿੱਤਾ ਹੈ। ਇਸ ਸੁਧਾਰ ਤਹਿਤ ਇੱਕ ਨਵੀਂ ਸੰਵਿਧਾਨਕ ਸੰਸਥਾ, Multicultural and Multifaith Victoria, 1 ਅਕਤੂਬਰ 2026 ਤੋਂ ਆਪਣਾ ਕੰਮਕਾਜ ਸ਼ੁਰੂ ਕਰੇਗੀ।
ਇਹ ਨਵਾਂ ਅਦਾਰਾ ਪੁਰਾਣੇ Victorian Multicultural Commission ਦੀ ਥਾਂ ਲਵੇਗਾ। ਇਹ ਤਬਦੀਲੀ ਭਾਈਚਾਰਕ ਰਾਬਤੇ ਦੇ ਨਾਲ-ਨਾਲ ਸਰਕਾਰੀ ਨੀਤੀਆਂ ਅਤੇ ਫੰਡਿੰਗ (grants) ਨੂੰ ਇੱਕੋ ਛੱਤ ਹੇਠ ਲਿਆਏਗੀ ਤਾਂ ਜੋ ਕਮਿਊਨਿਟੀ ਦੀਆਂ ਲੋੜਾਂ ਸਿੱਧੀਆਂ ਸਰਕਾਰ ਤੱਕ ਪਹੁੰਚ ਸਕਣ। ਧਾਰਮਿਕ ਪਛਾਣ ਨੂੰ ਅਧਿਕਾਰਤ ਮਾਨਤਾ ਦੇਣ ਲਈ ਸੰਸਥਾ ਦੇ ਨਾਮ ’ਚ Multifaith ਸ਼ਬਦ ਖ਼ਾਸ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ। Minister for Multicultural Affairs Paul Edbrooke ਅਤੇ Shadow Minister Evan Mulholland ਦੋਵਾਂ ਨੇ ਹੀ ਇਸ ਕਦਮ ਦੀ ਸ਼ਲਾਘਾ ਕੀਤੀ ਹੈ।
ਸੰਸਥਾ ਦੀ ਅਗਵਾਈ ਇੱਕ ਫੁੱਲ-ਟਾਈਮ Multicultural Coordinator General ਅਤੇ ਦੋ Deputy Multicultural Coordinators General ਕਰਨਗੇ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਡਿਪਟੀ ਦਾ ਸਬੰਧ ਖੇਤਰੀ ਜਾਂ ਪੇਂਡੂ Victoria ਨਾਲ ਹੋਣਾ ਲਾਜ਼ਮੀ ਹੈ। ਸਿਆਸੀ ਦਖ਼ਲ ਤੋਂ ਮੁਕਤ ਰੱਖਣ ਲਈ ਸਾਬਕਾ ਸਿਆਸੀ ਆਗੂਆਂ ਅਤੇ ਸਲਾਹਕਾਰਾਂ ਲਈ 12 ਮਹੀਨਿਆਂ ਦਾ cooling-off period ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨੌਜਵਾਨਾਂ ਦੀ ਭਾਈਵਾਲੀ ਵਾਲਾ ਇੱਕ Multicultural Community Advisory Group ਅਤੇ ਪੂਰੇ ਸੂਬੇ ਲਈ Regional Engagement Groups ਵੀ ਗਠਿਤ ਕੀਤੇ ਜਾਣਗੇ।
ਨਵੇਂ ਨੇਮਾਂ ਤਹਿਤ ਸਰਕਾਰੀ ਵਿਭਾਗਾਂ ਲਈ ਹਰ ਚਾਰ ਸਾਲ ਬਾਅਦ Multicultural Action and Inclusion Plan ਅਤੇ ਸੰਸਦ ਵਿੱਚ ਸਾਲਾਨਾ State of Multicultural Victoria ਰਿਪੋਰਟ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ, ਸਰਕਾਰੀ ਸੇਵਾਵਾਂ ਹਾਸਲ ਕਰਨ ਲਈ interpreting ਅਤੇ translation ਸੇਵਾਵਾਂ ਨੂੰ ਜ਼ਰੂਰੀ ਅਧਿਕਾਰ ਮੰਨਿਆ ਗਿਆ ਹੈ, ਜਿਸ ’ਚ ਸਰਕਾਰੀ ਅਦਾਰੇ ਮੁੱਖ ਤੌਰ ’ਤੇ LanguageLoop ਦੀ ਵਰਤੋਂ ਕਰਨਗੇ।
