ਹਾਈ ਕਮਿਸ਼ਨਰ ਨਾਗੇਸ਼ ਸਿੰਘ ਨੇ ‘ਸਟੱਡੀ ਐਡੀਲੇਡ’ ਅਤੇ ਇੰਡੀਅਨ ਇੰਟਰਨੈਸ਼ਨਲ ਸਟੂਡੈਂਟਸ ਨਾਲ ਵੀ ਕੀਤੀ ਮੁਲਾਕਾਤ
ਮੈੱਲਬਰਨ : ਇੰਡੀਆ ਅਤੇ ਸਾਊਥ ਆਸਟ੍ਰੇਲੀਆ ਦਰਮਿਆਨ ਆਰਥਿਕ ਅਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਇੱਕ ਅਹਿਮ ਪਹਿਲਕਦਮੀ ਸਾਹਮਣੇ ਆਈ ਹੈ। ਆਸਟ੍ਰੇਲੀਆ ’ਚ ਇੰਡੀਆ ਦੇ ਹਾਈ ਕਮਿਸ਼ਨਰ ਨਾਗੇਸ਼ ਸਿੰਘ ਨੇ ਸਾਊਥ ਆਸਟ੍ਰੇਲੀਆ ਦੀ ਉੱਚ ਲੀਡਰਸ਼ਿਪ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।
ਇਸ ਦੌਰੇ ਦੌਰਾਨ ਸਿੱਖਿਆ ਅਤੇ ਸਟੂਡੈਂਟਸ ਦੀ ਭਲਾਈ ਵੱਲ ਵੀ ਖ਼ਾਸ ਧਿਆਨ ਦਿੱਤਾ ਗਿਆ। ਹਾਈ ਕਮਿਸ਼ਨਰ ਨੇ Study Adelaide ਦੀ ਟੀਮ ਅਤੇ ਇੰਡੀਅਨ ਇੰਟਰਨੈਸ਼ਨਲ ਸਟੂਡੈਂਟਸ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਨਵੇਂ ਸਟੁਡੈਂਟਸ ਦੀ ਮਦਦ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਅਤੇ ਸਥਾਨਕ ਸਿੱਖਿਆ ਢਾਂਚੇ ’ਚ ਇੰਡੀਅਨ ਸਟੂਡੈਂਟਸ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ।
ਇਸ ਤੋਂ ਇਲਾਵਾ ਉਨ੍ਹਾਂ ਸਾਊਥ ਆਸਟ੍ਰੇਲੀਆ ਦੇ ਮੰਤਰੀ Chris Picton ਨਾਲ ਵੀ ਮੁਲਾਕਾਤ ਕੀਤੀ। ਇਸ ਬੈਠਕ ਦੌਰਾਨ ਦੋਹਾਂ ਆਗੂਆਂ ਨੇ ਮੌਜੂਦਾ ਆਰਥਿਕ ਸੰਬੰਧਾਂ ਦੀ ਸਮੀਖਿਆ ਕੀਤੀ ਅਤੇ ਵਪਾਰ, ਨਿਵੇਸ਼, ਅਹਿਮ ਖਣਿਜ, ਡਿਫ਼ੈਂਸ, ਸਪੇਸ, ਸਿੱਖਿਆ, ਤਕਨਾਲੋਜੀ ਅਤੇ ਖੋਜ ਵਰਗੇ ਖੇਤਰਾਂ ’ਚ ਸਾਂਝ ਨੂੰ ਹੋਰ ਡੂੰਘਾ ਕਰਨ ਦੇ ਮੌਕਿਆਂ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਉਹ ਐਡੀਲੇਡ ਦੇ Department of State Development ਵੱਲੋਂ ਕਰਵਾਏ Trade and Investment Roundtable ’ਚ ਵੀ ਸ਼ਾਮਲ ਹੋਏ, ਜਿੱਥੇ ਦੋਹਾਂ ਧਿਰਾਂ ਵਿਚਾਲੇ ਨਿਵੇਸ਼ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਗਈਆਂ।
ਇਸ ਤੋਂ ਇਲਾਵਾ ਉਨ੍ਹਾਂ ਮੰਤਰੀ Nadia Clancy ਨਾਲ ਮੀਟਿੰਗ ’ਚ ਇੰਡੀਅਨ ਭਾਈਚਾਰੇ ਨੂੰ ਇੱਕ ਸੱਭਿਆਚਾਰਕ ਪੁਲ ਵਜੋਂ ਮਹੱਤਵਪੂਰਨ ਦੱਸਿਆ ਗਿਆ। ਆਪਣੇ ਦੌਰੇ ਦੇ ਅੰਤ ’ਚ ਨਾਗੇਸ਼ ਸਿੰਘ ਨੇ ਸਾਊਥ ਆਸਟ੍ਰੇਲੀਆ ਦੀ ਗਵਰਨਰ Frances Adamson ਨਾਲ ਮੁਲਾਕਾਤ ਕਰ ਕੇ ਭਵਿੱਖੀ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਦਾ ਅਹਿਦ ਦੁਹਰਾਇਆ।
