ਪ੍ਰਸ਼ਾਂਤ ਮਹਾਂਸਾਗਰ ’ਚ ਨਸ਼ਾ ਤਸਕਰੀ ਰੋਕਣ ਲਈ 600 ਮਿਲੀਅਨ ਡਾਲਰ ਦੀ ਵੱਡੀ ਸਹਾਇਤਾ ਦਾ ਐਲਾਨ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ Pacific ਖੇਤਰ ’ਚ ਨਸ਼ਾ ਤਸਕਰੀ ਦੇ ਖ਼ਾਤਮੇ ਲਈ 600 ਮਿਲੀਅਨ ਡਾਲਰ ਦੇ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਹੈ। Palau ਵਿਖੇ ਹੋਏ Pacific Island Forum (PIF) ਦੌਰਾਨ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੇ ਚੀਨ ਦੇ ਮੁਕਾਬਲੇ ਆਸਟ੍ਰੇਲੀਆ ਨੂੰ ਆਪਣੇ ਭਰੋਸੇਯੋਗ ਭਾਈਵਾਲ ਵਜੋਂ ਚੁਣਿਆ ਹੈ। ਦੂਜੇ ਪਾਸੇ, ਚੀਨ ਦਾ ਪ੍ਰਭਾਵ ਘਟਿਆ ਹੈ, ਅਤੇ ਜੁਲਾਈ ’ਚ ਉਸ ਵੱਲੋਂ ਕੀਤੇ ਗਏ ਪ੍ਰਮਾਣੂ ਸਮਰੱਥ ਮਿਜ਼ਾਈਲ ਪਰੀਖਣ ਦੀ ਵਿਆਪਕ ਤੌਰ ’ਤੇ ਨਿੰਦਾ ਹੋਈ ਹੈ।
ਇਹ ਰਾਸ਼ੀ ਮੁੱਖ ਤੌਰ ’ਤੇ Waqa Moana ਮੁਹਿੰਮ ਤਹਿਤ ਹਵਾਈ ਨਿਗਰਾਨੀ ਵਧਾਉਣ, ਸਥਾਨਕ ਪੁਲਿਸ ਨੂੰ ਸਿਖਲਾਈ ਦੇਣ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ Australian Federal Police ਦੇ ਯਤਨਾਂ ਨੂੰ ਮਜ਼ਬੂਤ ਕਰਨ ’ਤੇ ਖ਼ਰਚ ਕੀਤੀ ਜਾਵੇਗੀ। ਇਸ ਸਾਲ ਸੁਰੱਖਿਆ ਏਜੰਸੀਆਂ ਨੇ ਖੇਤਰ ’ਚੋਂ 17 ਟਨ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ, ਜੋ ਕਿ ਪਿਛਲੇ ਸਾਲ ਨਾਲੋਂ ਲਗਭਗ ਚਾਰ ਗੁਣਾ ਵੱਧ ਹਨ।
Pacific Affairs Minister Pat Conroy ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਲਵਾਯੂ ਤਬਦੀਲੀ ਤੋਂ ਬਾਅਦ ਅੰਤਰਰਾਸ਼ਟਰੀ ਅਪਰਾਧ ਖੇਤਰ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪਹਿਲਕਦਮੀ ਪੂਰੀ ਤਰ੍ਹਾਂ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਦੇ ਹੋਏ ਲਾਗੂ ਹੋਵੇਗੀ। ਦੂਜੇ ਪਾਸੇ, ਫੋਰਮ ’ਚ ਤਾਇਵਾਨ ਦੀ ਮੌਜੂਦਗੀ ਨੂੰ ਲੈ ਕੇ ਚੀਨ ਦੇ ਦੂਤ Qian Bo ਨੇ ਇਤਰਾਜ਼ ਪ੍ਰਗਟਾਇਆ, ਜਿਸ ’ਤੇ Anthony Albanese ਨੇ ਜਵਾਬ ਦਿੱਤਾ ਕਿ ਇਸ ਮੰਚ ਦੇ ਫ਼ੈਸਲੇ ਸਿਰਫ਼ ਫੋਰਮ ਦੇ ਮੈਂਬਰ ਹੀ ਲੈਂਦੇ ਹਨ।
