ਮੈਲਬਰਨ : ਆਸਟ੍ਰੇਲੀਅਨ ਅਰਥਵਿਵਸਥਾ ਨੇ ਜੂਨ ਤਿਮਾਹੀ ’ਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕਰਦਿਆਂ 0.4 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। Australian Bureau of Statistics ਦੇ ਤਾਜ਼ਾ ਅੰਕੜਿਆਂ ਮੁਤਾਬਕ, 30 ਜੂਨ ਤੱਕ ਦੇ ਪੂਰੇ ਸਾਲ ਦੌਰਾਨ ਸਾਲਾਨਾ GDP ਵਾਧਾ ਦਰ 2.1 ਫ਼ੀਸਦੀ ਰਹੀ, ਜੋ ਕਿ ਅਰਥਸ਼ਾਸਤਰੀਆਂ ਦੇ 1.8 ਫ਼ੀਸਦੀ ਦੇ ਅੰਦਾਜ਼ੇ ਨਾਲੋਂ ਕਾਫ਼ੀ ਜ਼ਿਆਦਾ ਹੈ।
ਟਰੈਜ਼ਰਰ Jim Chalmers ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਆਸਟ੍ਰੇਲੀਆ ਦੀ ਆਰਥਿਕਤਾ ਦੁਨੀਆ ਦੀਆਂ ਵੱਡੀਆਂ ਵਿਕਸਤ ਅਰਥਵਿਵਸਥਾਵਾਂ ਦੇ ਮੁਕਾਬਲੇ ਮਜ਼ਬੂਤ ਰਹੀ ਹੈ। ਇਸ ਵਾਧੇ ’ਚ ਰਿਹਾਇਸ਼ੀ ਉਸਾਰੀ ਅਤੇ ਇਲੈਕਟ੍ਰਿਕ ਗੱਡੀਆਂ (EVs) ਦੀ ਵਿਕਰੀ ’ਚ ਆਏ ਵੱਡੇ ਉਛਾਲ ਨੇ ਅਹਿਮ ਭੂਮਿਕਾ ਨਿਭਾਈ।
ਹਾਲਾਂਕਿ, ਇਸ ਤੇਜ਼ ਵਿਕਾਸ ਨੇ Reserve Bank of Australia ਵੱਲੋਂ ਵਿਆਜ ਰੇਟ ਵਧਾਏ ਜਾਣ ਦਾ ਖ਼ਦਸ਼ਾ ਵਧਾ ਦਿੱਤਾ ਹੈ। ਮਾਰਕੀਟ ਵਿਸ਼ਲੇਸ਼ਣ ਮੁਤਾਬਕ, ਸਤੰਬਰ ਮਹੀਨੇ ’ਚ ਦਰਾਂ ਵਧਣ ਦੀ ਸੰਭਾਵਨਾ ਹੁਣ 70 ਫ਼ੀਸਦੀ ਤੱਕ ਪਹੁੰਚ ਗਈ ਹੈ। ਅਰਥਸ਼ਾਸਤਰੀ Alex Joiner ਅਤੇ Callam Pickering ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਤੀ ਵਿਅਕਤੀ ਆਮਦਨ ਅਤੇ ਲੇਬਰ ਉਤਪਾਦਕਤਾ (productivity) ’ਚ ਕੋਈ ਸੁਧਾਰ ਨਹੀਂ ਹੋਇਆ। ਮਾਹਿਰਾਂ ਅਨੁਸਾਰ ਜੇਕਰ ਆਰਥਿਕ ਗਤੀ ਢਿੱਲੀ ਨਾ ਪਈ, ਤਾਂ ਮਹਿੰਗਾਈ ਨੂੰ ਕੰਟਰੋਲ ਕਰਨ ਲਈ RBA ਨਕਦ ਦਰਾਂ ਨੂੰ ਹੋਰ ਵਧਾ ਸਕਦਾ ਹੈ, ਜਿਸ ਨਾਲ ਕਰਜ਼ਦਾਰਾਂ ‘ਤੇ ਬੋਝ ਵਧੇਗਾ।
ਆਸਟ੍ਰੇਲੀਆ ‘ਚ ਵਿਆਜ ਦਰਾਂ ਵਧਣ ਦੇ ਬਾਵਜੂਦ ਘਰੇਲੂ ਖਰਚਿਆਂ ’ਚ ਵੱਡਾ ਉਛਾਲ
RBA ਵੱਲੋਂ ਕੈਸ਼ ਰੇਟ ਨੂੰ ਵਧਾਉਣ ਦੀ ਸੰਭਾਵਨਾ ਨੂੰ ਉਦੋਂ ਵੀ ਮਜ਼ਬੂਤੀ ਮਿਲੀ ਸੀ ਜਦੋਂ ਮਹਿੰਗਾਈ ਅਤੇ ਵਿਆਜ ਦਰਾਂ ਵਿੱਚ ਵਾਧੇ ਦੇ ਬਾਵਜੂਦ ਆਸਟ੍ਰੇਲੀਆ ਵਿੱਚ ਲੋਕਾਂ ਦੇ ਖਰਚਿਆਂ ’ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲੀ। Australian Bureau of Statistics (ABS) ਦੇ ਤਾਜ਼ਾ ਅੰਕੜਿਆਂ ਮੁਤਾਬਕ ਜੁਲਾਈ ਮਹੀਨੇ ’ਚ ਘਰੇਲੂ ਖਰਚੇ 1.1 ਫ਼ੀਸਦੀ ਵਧੇ ਹਨ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਖਰਚਿਆਂ ’ਚ ਵਾਧਾ ਦਰਜ ਹੋਇਆ ਹੈ, ਜਿਸ ਨਾਲ ਸਾਲਾਨਾ ਖਰਚਾ 7 ਫ਼ੀਸਦੀ ਤੱਕ ਪਹੁੰਚ ਗਿਆ ਹੈ। AMP ਦੀ ਅਰਥਸ਼ਾਸਤਰੀ Diana Mousina ਅਤੇ RBA ਦੇ ਡਿਪਟੀ ਗਵਰਨਰ Andrew Hauser ਮੁਤਾਬਕ, ਖਰਚਿਆਂ ਦੀ ਇਹ ਤੇਜ਼ ਰਫ਼ਤਾਰ ਕੇਂਦਰੀ ਬੈਂਕ ਨੂੰ ਜਲਦ ਹੀ ਵਿਆਜ ਦਰਾਂ ਹੋਰ ਵਧਾਉਣ ਲਈ ਮਜਬੂਰ ਕਰ ਸਕਦੀ ਹੈ। ਮਾਹਿਰ Marc Jocum ਅਤੇ Callam Pickering ਅਨੁਸਾਰ, ਇਸ ਕਦਮ ਨਾਲ ਮੌਰਗੇਜ ਧਾਰਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।
