ਮੈਲਬਰਨ : Sydney Airport Union ਨੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਏਅਰਪੋਰਟ, Sydney Airport ਵਿਖੇ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਇਹ ਚੇਤਾਵਨੀ ਹਾਲ ਹੀ ’ਚ ਜਹਾਜ਼ਾਂ ਦੇ ਆਪਸ ’ਚ ਟਕਰਾਉਣ ਤੋਂ ਵਾਲ-ਵਾਲ ਬਚਣ (near-miss) ਦੀਆਂ ਦੋ ਵੱਡੀਆਂ ਘਟਨਾਵਾਂ ਤੋਂ ਬਾਅਦ ਜਾਰੀ ਕੀਤੀ ਗਈ ਹੈ।
ਯੂਨੀਅਨ ਦੇ ਸਕੱਤਰ, Robert Car ਨੇ ਦਾਅਵਾ ਕੀਤਾ ਕਿ ਏਅਰਪੋਰਟ ਪ੍ਰਬੰਧਕਾਂ ਅਤੇ ਠੇਕੇਦਾਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ cost-cutting ਕਾਰਨ ਏਅਰਪੋਰਟ ਹੁਣ ਆਮ ਯਾਤਰੀਆਂ ਲਈ ਸੁਰੱਖਿਅਤ ਨਹੀਂ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ Certis Security ਵੱਲੋਂ ਸਟਾਫ ਦੀ ਕਮੀ ਕਾਰਨ ASIC ਪਾਸਾਂ ਦੀ ਸਹੀ ਢੰਗ ਨਾਲ ਚੈਕਿੰਗ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕੋਈ ਵੀ ਵਿਅਕਤੀ ਸੰਵੇਦਨਸ਼ੀਲ ਸੁਰੱਖਿਆ ਇਲਾਕਿਆਂ ’ਚ ਦਾਖਲ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੱਕ Jetstar ਅਤੇ Qatar Airways ਦੇ ਜਹਾਜ਼ ਰਨਵੇ ’ਤੇ ਟਕਰਾਉਣ ਤੋਂ ਮਸਾਂ ਬਚੇ ਸਨ। ਇਸ ਘਟਨਾ ਤੋਂ ਬਾਅਦ ਦੋ ਮੁਲਾਜ਼ਮਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ। Transport Minister Catherine King ਨੇ ਦੱਸਿਆ ਕਿ ATSB (Australian Transport Safety Bureau) ਵੱਲੋਂ ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ, Sydney Airport ਦੇ ਬੁਲਾਰੇ ਨੇ ਯੂਨੀਅਨ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਸੁਰੱਖਿਆ ਨਿਯਮਾਂ ਦੀ ਪੂਰੀ ਸਖ਼ਤੀ ਨਾਲ ਪਾਲਣਾ ਕਰਦੇ ਹਨ। Airservices Australia ਵੀ ਸਟਾਫ ਦੀ ਕਮੀ ਨੂੰ ਪੂਰਾ ਕਰਨ ਲਈ ਯਤਨ ਕਰ ਰਿਹਾ ਹੈ।
