ਮੈਲਬਰਨ : ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਤਿੰਨ-ਰੋਜ਼ਾ ਆਸਟ੍ਰੇਲੀਆ ਯਾਤਰਾ ਦੌਰਾਨ ਇੱਥੋਂ ਦੇ ਆਗੂਆਂ ਨੂੰ ਕਈ ਖ਼ਾਸ ਭਾਰਤੀ ਤੋਹਫ਼ੇ ਭੇਟ ਕੀਤੇ। ਮੋਦੀ ਨੇ ਆਪਣੇ ਆਸਟ੍ਰੇਲੀਅਨ ਹਮਰੁਤਬਾ Anthony Albanese ਨੂੰ ਇੱਕ ਢੋਕਰਾ ਬੋਟ ਸਕਲਪਚਰ, ਪ੍ਰੀਮੀਅਮ ਇੰਡੀਅਨ ਕੌਫੀ ਅਤੇ ਮਸ਼ਹੂਰ ਮਿਊਜ਼ਿਕ ਬੈਂਡ Colonial Cousins ਦਾ ਇੱਕ vinyl record ਤੋਹਫ਼ੇ ਵਜੋਂ ਦਿੱਤਾ। Anthony Albanese ਇਨ੍ਹਾਂ ਰਿਕਾਰਡਾਂ ਨੂੰ ਇਕੱਠੇ ਕਰਨ ਦੇ ਕਾਫ਼ੀ ਸ਼ੌਕੀਨ ਹਨ।
ਇਸ ਤੋਂ ਇਲਾਵਾ, ਮੋਦੀ ਨੇ Anthony Albanese ਦੀ ਜੀਵਨ ਸਾਥਣ Jodie Haydon ਨੂੰ ਕਸ਼ਮੀਰ ਦਾ ਹੱਥੀਂ ਕਢਾਈ ਵਾਲਾ ਸ਼ਾਨਦਾਰ ਸਟੋਲ ਵੀ ਭੇਟ ਕੀਤਾ। ਵਿਕਟੋਰੀਆ ਦੀ ਗਵਰਨਰ Margaret Gardner ਨਾਲ ਮੁਲਾਕਾਤ ਦੌਰਾਨ ਮੋਦੀ ਨੇ ਉਨ੍ਹਾਂ ਨੂੰ ਬਿਹਾਰ ਦੇ ਮਿਥਿਲਾ ਖੇਤਰ ਦੀ ਮਸ਼ਹੂਰ ਮਧੂਬਨੀ ਪੇਂਟਿੰਗ ਦਿੱਤੀ, ਜੋ ਮਨੁੱਖ ਅਤੇ ਕੁਦਰਤ ਦੇ ਸੁਮੇਲ ਨੂੰ ਦਰਸਾਉਂਦੀ ਹੈ।
ਆਸਟ੍ਰੇਲੀਆ ਦੀ ਗਵਰਨਰ-ਜਨਰਲ Sam Mostyn ਨੂੰ ਸੰਗਮਰਮਰ ਦੀ ਪੱਚੀਕਾਰੀ ਵਾਲਾ ਇੱਕ ਬੇਹੱਦ ਖੂਬਸੂਰਤ ਮਾਰਬਲ ਇਨਲੇਅ ਬਾਕਸ ਭੇਟ ਕੀਤਾ ਗਿਆ। ਜਦਕਿ ਵਿਰੋਧੀ ਧਿਰ ਦੇ ਨੇਤਾ Angus Taylor ਨੂੰ ਰਾਜਸਥਾਨ ਦੀ ਪਰੰਪਰਾਗਤ ਲੱਕੜ ਦੀ ਨੱਕਾਸ਼ੀ ਨਾਲ ਤਿਆਰ ਕੀਤਾ ਗਿਆ ਇੱਕ ਹਾਥੀ ਦਾ ਸਕਲਪਚਰ ਦਿੱਤਾ ਗਿਆ। ਇਹ ਸਾਰੇ ਤੋਹਫ਼ੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ, ਬੇਮਿਸਾਲ ਕਾਰੀਗਰੀ ਅਤੇ ਵੱਖ-ਵੱਖ ਖੇਤਰਾਂ ਦੀ ਕਲਾਤਮਕ ਪਛਾਣ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਦਰਸਾਉਂਦੇ ਹਨ।
