ਮੈਲਬਰਨ : Insurance Statistics Australia ਵੱਲੋਂ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਮੁਤਾਬਕ, ਵਿਕਟੋਰੀਆ ਪੂਰੇ ਆਸਟ੍ਰੇਲੀਆ ਵਿੱਚ ਕਾਰ ਚੋਰੀ ਦੀ ਰਾਜਧਾਨੀ ਬਣ ਕੇ ਉੱਭਰਿਆ ਹੈ। ਸਾਲ 2025 ਵਿੱਚ ਇੱਥੇ ਕਾਰ ਚੋਰੀ ਦੇ ਮਾਮਲਿਆਂ ਵਿੱਚ 25 ਫ਼ੀਸਦੀ ਅਤੇ ਬੀਮਾ ਲਾਗਤ ਵਿੱਚ 37 ਫ਼ੀਸਦੀ ਦਾ ਵੱਡਾ ਉਛਾਲ ਦੇਖਿਆ ਗਿਆ।
ਰਿਪੋਰਟ ਅਨੁਸਾਰ, ਵਿਕਟੋਰੀਆ ਵਿੱਚ 12,500 ਕਾਰ ਚੋਰੀ ਦੇ ਮਾਮਲਿਆਂ ਲਈ ਲਗਭਗ 243 ਮਿਲੀਅਨ ਡਾਲਰ ਦੇ ਬੀਮਾ ਦਾਅਵੇ ਕੀਤੇ ਗਏ। ਇਹ ਨੁਕਸਾਨ NSW, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ ਅਤੇ ਵੈਸਟਰਨ ਆਸਟ੍ਰੇਲੀਆ ਦੇ ਕੁੱਲ ਮਿਲਾ ਕੇ ਕੀਤੇ ਗਏ ਖ਼ਰਚੇ ਨਾਲੋਂ ਵੀ ਜ਼ਿਆਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਬਾਕੀ ਸਾਰੇ ਸਟੇਟਾਂ ਵਿੱਚ ਕਾਰ ਚੋਰੀ ਦੇ ਮਾਮਲਿਆਂ ਵਿੱਚ ਕਮੀ ਆਈ ਹੈ, ਉੱਥੇ ਹੀ ਵਿਕਟੋਰੀਆ ਵਿੱਚ ਇਹ ਗ੍ਰਾਫ ਤੇਜ਼ੀ ਨਾਲ ਉੱਪਰ ਗਿਆ ਹੈ।
ਇਸ ਅਪਰਾਧ ਦਾ ਮੁੱਖ ਕੇਂਦਰ ਮੈਲਬਰਨ ਦਾ ਮੈਟਰੋਪੋਲੀਟਨ ਇਲਾਕਾ ਰਿਹਾ, ਜਿੱਥੇ 10,400 ਮਾਮਲਿਆਂ ਵਿੱਚ 205 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।
Insurance Council of Australia ਦੇ ਚੀਫ਼ ਐਗਜ਼ੀਕਿਊਟਿਵ Andrew Hall ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਵਿਕਟੋਰੀਆ ਵਿੱਚ ਹਰ 42 ਮਿੰਟਾਂ ਵਿੱਚ ਇੱਕ ਗੱਡੀ ਚੋਰੀ ਹੁੰਦੀ ਹੈ ਜਾਂ ਉਸ ਦੀ ਭੰਨ-ਤੋੜ ਕੀਤੀ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਵਧ ਰਹੇ ਅਪਰਾਧ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਤਾਂ ਜੋ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
