ਮੈਲਬਰਨ : ਸਿਡਨੀ ਦਾ ਸਭ ਤੋਂ ਵੱਡਾ ਮਾਨਸਿਕ ਸਿਹਤ ਕੇਂਦਰ ਬਣਨ ਜਾ ਰਿਹਾ Cumberland Hospital ਪਿਛਲੇ ਦਿਨੀਂ ਆਪਣੇ ਦੋ ਭੱਜੇ ਮਰੀਜ਼ਾਂ ਕਾਰਨ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ।
ਪਿਛਲੇ ਹਫ਼ਤੇ ਇਸ ’ਚੋਂ ਭੱਜੇ Setefano Mooniai Leaaetoa ਨੇ Merrylands ਇਲਾਕੇ ਵਿੱਚ ਚਾਕੂ ਮਾਰ ਕੇ 38 ਸਾਲ ਦੇ ਅਮਾਮੁੱਦੀਨ ਸਦਰ ਦਾ ਕਤਲ ਕਰ ਦਿੱਤਾ, ਅਤੇ ਦੋ ਹੋਰਾਂ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ। ਅਮਾਮੁੱਦੀਨ, ਜੋ ਅਫਗਾਨਿਸਤਾਨ ਤੋਂ ਸ਼ਰਨਾਰਥੀ ਵਜੋਂ ਆਸਟ੍ਰੇਲੀਆ ਆਇਆ ਸੀ, ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸ ਦੀ ਭੈਣ ਮੀਨਾ ਅਤੇ ਭਰਾ ਮਸੂਦ ਨੇ ਕਿਹਾ ਕਿ ਉਹ ‘ਗਹਿਰੇ ਦਰਦ’ ਵਿੱਚ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ, ਜੋ ਅਜੇ ਵੀ ਅਫਗਾਨਿਸਤਾਨ ਵਿੱਚ ਹਨ, ਖ਼ਬਰ ਸੁਣ ਕੇ ਸਦਮੇ ਕਾਰਨ ਹਸਪਤਾਲ ਵਿੱਚ ਦਾਖ਼ਲ ਹੋ ਗਏ ਹਨ। Setefano, ਜੋ Cumberland Hospital ਤੋਂ 7 ਫ਼ਰਵਰੀ ਨੂੰ ਭੱਜ ਗਿਆ ਸੀ, ’ਤੇ ਕਤਲ ਅਤੇ ਗੰਭੀਰ ਜ਼ਖ਼ਮ ਪਹੁੰਚਾਉਣ ਦੇ ਦੋਸ਼ ਲੱਗੇ ਹਨ।

ਇਹੀ ਨਹੀਂ Setefano ਦੇ ਭੱਜਣ ਤੋਂ ਕੁਝ ਦਿਨਾਂ ਬਾਅਦ ਇੱਕ ਹੋਰ ਮਰੀਜ਼, Luke Francis (31) ਵੀ ਇੱਕ ਨਰਸ ਨੂੰ ਜ਼ਖ਼ਮੀ ਕਰ ਕੇ ਹਸਪਤਾਲ ਤੋਂ ਭੱਜ ਗਿਆ ਅਤੇ ਉਸ ਵੱਲੋਂ ਚੋਰੀ ਕੀਤੀ ਕਾਰ ਦੇ Camden bypass ’ਤੇ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਇੱਕ ਟੀਚਰ Lee Casuscelli (60) ਅਤੇ Maureen Crosland (84) ਸਾਮਲ ਹਨ। Maureen ਦੇ ਪਤੀ Phillip Crosland ਨੇ ਕਿਹਾ, “ਮੇਰੇ ਸਾਰਾ ਕੁਝ ਗੁਆਚ ਗਿਆ।” ਉਨ੍ਹਾਂ ਕਿਹਾ ਕਿ ਪਹਿਲਾਂ ਹੀ ਉਨ੍ਹਾਂ ਦੇ ਦੋ ਬੱਚਿਆਂ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਅਤੇ ਪਤਨੀ ਦੀ ਮੌਤ ਮਗਰੋਂ ਉਹ ਬਹੁਤ ਇਕੱਲੇ ਮਹਿਸੂਸ ਕਰ ਰਹੇ ਹਨ।

ਉਧਰ ਨਰਸ ਯੂਨੀਅਨ ਨੇ ਖੁਲਾਸਾ ਕੀਤਾ ਕਿ Cumberland ਹਸਪਤਾਲ ਦੇਸ਼ ਦੇ ਸਭ ਤੋਂ ਵੱਡੇ ਮਾਨਸਿਕ ਸਿਹਤ ਕੇਂਦਰਾਂ ਵਿੱਚੋਂ ਇੱਕ ਬਣਨ ਜਾ ਰਿਹਾ ਹੈ ਪਰ ਇਸ ਵਿੱਚ ਸਿਰਫ਼ ਤਿੰਨ ਸਿਕਿਉਰਿਟੀ ਗਾਰਡ ਹਨ। ਸਰਕਾਰ ਹੁਣ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰ ਰਹੀ ਹੈ।





