ਮੈਲਬਰਨ : ਕਈ ਦਿਨਾਂ ਦੀ ਹਲਚਲ ਤੋਂ ਬਾਅਦ ਆਸਟ੍ਰੇਲੀਆ ’ਚ ਵਿਰੋਧੀ ਧਿਰ ਦੀ ਲੀਡਰਸ਼ਿਪ ਅੱਜ ਬਦਲ ਗਈ ਹੈ। Hume ਤੋਂ MP Angus Taylor ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ ਹੋਣਗੇ ਅਤੇ Jane Hume ਮੀਤ ਪ੍ਰਧਾਨ ਚੁਣੇ ਗਏ ਹਨ। Taylor ਨੇ ਪਾਰਟੀ ਦੀ ਪਹਿਲੀ ਮਹਿਲਾ ਪ੍ਰਧਾਨ Sussan Ley ਨੂੰ 34-17 ਵੋਟਾਂ ਨਾਲ ਹਰਾਇਆ। ਇਸ ਦੇ ਨਾਲ ਹੀ Sussan Ley ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ ਜਿਸ ਕਾਰਨ Farrer ਸੀਟ ’ਤੇ ਜ਼ਿਮਨੀ ਚੋਣ ਹੋਵੇਗੀ।
Angus Taylor ਨੇ ਪਾਰਟੀ ਪ੍ਰਧਾਨ ਬਣਨ ਮਗਰੋਂ ਆਪਣੇ ਪਹਿਲੇ ਭਾਸ਼ਣ ਵਿੱਚ ਇਸ ਨੂੰ ਆਪਣੀ ਜ਼ਿੰਦਗੀ ਦਾ “ਸਭ ਤੋਂ ਵੱਡਾ ਸਨਮਾਨ” ਕਿਹਾ ਅਤੇ ਪਾਰਟੀ ਨੂੰ ਦੁਬਾਰਾ ਮਜ਼ਬੂਤ ਕਰਨ ਦਾ ਵਾਅਦਾ ਕੀਤਾ। Taylor ਨੇ ਇਮੀਗ੍ਰੇਸ਼ਨ ਨੂੰ ਆਪਣੀ ਨੀਤੀ ਦਾ ਮੁੱਖ ਕੇਂਦਰ ਬਣਾਇਆ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਉਹੀ ਲੋਕ ਆਉਣੇ ਚਾਹੀਦੇ ਹਨ ਜੋ ਲੋਕਤੰਤਰ, ਕਾਨੂੰਨ ਦੀ ਹਕੂਮਤ ਅਤੇ ਆਜ਼ਾਦੀਆਂ ‘ਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਜੇ ਕੋਈ ਵਿਅਕਤੀ ਨਫ਼ਰਤ ਜਾਂ ਹਿੰਸਾ ਲਿਆਉਣਾ ਚਾਹੁੰਦਾ ਹੈ ਤਾਂ ਦਰਵਾਜ਼ਾ ਬੰਦ ਹੋਣਾ ਚਾਹੀਦਾ ਹੈ।”
ਉਨ੍ਹਾਂ ਨੇ “ਚੰਗੀ” ਅਤੇ “ਮੰਦੀ” ਇਮੀਗ੍ਰੇਸ਼ਨ ਵਿਚ ਫ਼ਰਕ ਕਰਨ ਦੀ ਗੱਲ ਕੀਤੀ, ਇਹ ਕਹਿੰਦੇ ਹੋਏ ਕਿ ਪਿਛਲੇ ਸਮੇਂ ਵਿੱਚ ਗਿਣਤੀ ਬਹੁਤ ਵੱਧ ਅਤੇ ਮਿਆਰ ਬਹੁਤ ਘੱਟ ਰਹੇ ਹਨ। Taylor ਨੇ ਵਾਅਦਾ ਕੀਤਾ ਕਿ ਉਹ One Nation ਵਰਗੀਆਂ ਪਾਰਟੀਆਂ ਤੋਂ ਅੱਗੇ ਨਿਕਲ ਕੇ ਇਮੀਗ੍ਰੇਸ਼ਨ ’ਤੇ ਸਖ਼ਤ ਪਰ ਸੰਤੁਲਿਤ ਰੁਖ ਅਪਣਾਉਣਗੇ। ਉਨ੍ਹਾਂ ਕਿਹਾ ਕਿ ਉਹ ਅਜਿਹੀ ਇਮੀਗ੍ਰੇਸ਼ਨ ਨੀਤੀ ਚਾਹੁੰਦੇ ਹਨ ਜੋ ਆਸਟ੍ਰੇਲੀਅਨ ਲੋਕਾਂ ਦੇ ਹਿੱਤ ਪਹਿਲਾਂ ਰੱਖਣ।
ਇਸ ਦੇ ਨਾਲ ਹੀ ਉਨ੍ਹਾਂ ਨੇ ਘਰ ਮਾਲਕੀ, ਪਰਿਵਾਰਾਂ ਲਈ ਖ਼ਰਚੇ ਘਟਾਉਣ, ਮਹਿੰਗਾਈ ਅਤੇ ਟੈਕਸ ਵਧਾਉਣ ਵਾਲੀਆਂ ਸਰਕਾਰੀ ਨੀਤੀਆਂ ਵਿਰੁਧ ਲੜਨ ਅਤੇ ਆਸਟ੍ਰੇਲੀਅਨ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਨੂੰ ਆਪਣੀ ਅਗਵਾਈ ਦੇ ਮੁੱਖ ਹਿੱਸੇ ਵਜੋਂ ਦਰਸਾਇਆ। ਇਸ ਤਰ੍ਹਾਂ, ਨਵੇਂ ਲੀਡਰ ਨੇ ਸਪਸ਼ਟ ਕੀਤਾ ਕਿ ਇਮੀਗ੍ਰੇਸ਼ਨ ਨੀਤੀ ਉਸ ਦੀ ਰਣਨੀਤੀ ਦਾ ਕੇਂਦਰ ਰਹੇਗੀ।





