ਆਸਟ੍ਰੇਲੀਆ ਦੇ ਲੋਕਾਂ ਦੀ ਨਿੱਜੀ ਜਾਣਕਾਰੀ ਪਹੁੰਚ ਰਹੀ ਅਮਰੀਕਾ ਦੀ ICE ਕੋਲ?

ਮੈਲਬਰਨ : ਅਮਰੀਕੀ ਸਰਕਾਰ ਨੇ ਵੀਜ਼ਾ ਵੇਵਰ ਪ੍ਰੋਗਰਾਮ ਵਿੱਚ ਸ਼ਾਮਲ ਦੇਸ਼ਾਂ ਤੋਂ ਨਵੀਂ ਸ਼ਰਤਾਂ ਮੰਗੀਆਂ ਹਨ। 2022 ਵਿੱਚ ਸ਼ੁਰੂ ਕੀਤੇ “ਐਨਹਾਂਸਡ ਬਾਰਡਰ ਸਿਕਿਊਰਟੀ ਪਾਰਟਨਰਸ਼ਿਪ” (EBSP) ਤਹਿਤ, ਅਮਰੀਕੀ ਏਜੰਸੀਆਂ ਜਿਵੇਂ ICE ਅਤੇ DHS ਨੂੰ ਆਸਟ੍ਰੇਲੀਆ ਦੇ ਬਾਇਓਮੈਟਰਿਕ ਅਤੇ ਪਛਾਣ ਡਾਟਾਬੇਸਾਂ ਤੱਕ ਸਿੱਧੀ ਪਹੁੰਚ ਮਿਲ ਸਕਦੀ ਹੈ, ਭਾਵੇਂ ਕੋਈ ਕਦੇ ਅਮਰੀਕਾ ਗਿਆ ਵੀ ਨਾ ਹੋਵੇ। crikey ਦੀ ਇਕ ਖ਼ਬਰ ਅਨੁਸਾਰ ਇਸ ਵਿੱਚ ਫਿੰਗਰਪ੍ਰਿੰਟ, ਚਿਹਰੇ ਦੀਆਂ ਤਸਵੀਰਾਂ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਮੈਡੀਕੇਅਰ ਨੰਬਰ ਅਤੇ ਪੁਲਿਸ ਰਿਕਾਰਡ ਸ਼ਾਮਲ ਹੋ ਸਕਦੇ ਹਨ।

ਇਹ ਕਦਮ ਉਸ ਘਟਨਾ ਤੋਂ ਬਾਅਦ ਆਇਆ ਜਦੋਂ ਇੱਕ ਬ੍ਰਿਟਿਸ਼ ਨਾਗਰਿਕ, ਜੋ ਯੂ.ਕੇ. ਦੇ ਅੱਤਵਾਦੀਆਂ ਦੀ ਸੂਚੀ ਤੋਂ ਹਟਾਇਆ ਗਿਆ ਸੀ, ਨੇ ਅਮਰੀਕਾ ਵਿੱਚ ਦਾਖਲ ਹੋ ਕੇ ਟੈਕਸਸ ਵਿੱਚ ਕਿਸੇ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਅਮਰੀਕਾ ਨੇ ਸਾਰੇ ਦੇਸ਼ਾਂ ਲਈ EBSP ਨੂੰ ਲਾਜ਼ਮੀ ਕਰ ਦਿੱਤਾ। ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ 31 ਦਸੰਬਰ 2026 ਤੱਕ ਸਾਰੇ ਦੇਸ਼ਾਂ ਨੂੰ ਇਹ ਸਮਝੌਤੇ ਪੂਰੇ ਕਰਨੇ ਹੋਣਗੇ।

ਆਸਟ੍ਰੇਲੀਆਈ ਸਰਕਾਰ ਨੇ ਇਸ ਬਾਰੇ ਮੀਡੀਆ ਦੇ ਸਵਾਲਾਂ ਦਾ ਕੋਈ ਖੁੱਲ੍ਹਾ ਐਲਾਨ ਨਹੀਂ ਕੀਤਾ, ਪਰ ਹੋਮ ਅਫੇਅਰਜ਼ ਵਿਭਾਗ ਨੇ ਸਵਾਲਾਂ ਦੇ ਜਵਾਬ ਵਿੱਚ ਸਿਰਫ਼ ਇਹ ਕਿਹਾ ਕਿ ਵੀਜ਼ਾ ਨੀਤੀਆਂ ਹਰ ਦੇਸ਼ ਦੀ ਆਪਣੀ ਜ਼ਿੰਮੇਵਾਰੀ ਹਨ। ਪਰ ਪ੍ਰਾਈਵੇਸੀ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇਹ ਕਦਮ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਨੂੰ ਬਿਨਾਂ ਜਾਣਕਾਰੀ ਦੇ ਅਮਰੀਕੀ ਏਜੰਸੀਆਂ ਦੇ ਹਵਾਲੇ ਕਰ ਸਕਦਾ ਹੈ।