ਮੈਲਬਰਨ: ‘ਡੀਕੋਡਿੰਗ ਗਲੋਬਲ ਟੈਲੈਂਟ 2024’ ਨਾਮ ਦੇ ਸਰਵੇਖਣ ’ਚ ਇਹ ਸਾਹਮਣੇ ਆਇਆ ਹੈ ਕਿ ਵਿਸ਼ਵ ਪੱਧਰ ‘ਤੇ ਹਰ ਚਾਰ ਵਿੱਚੋਂ ਇੱਕ ਪੇਸ਼ੇਵਰ ਸਰਗਰਮੀ ਨਾਲ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਭਾਲ ਕਰ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਗੱਲ ਕਰੀਏ ਤਾਂ 23% ਪੇਸ਼ੇਵਰ ਦੂਜੇ ਦੇਸ਼ਾਂ ਵਿੱਚ ਮੌਕਿਆਂ ਦੀ ਭਾਲ ਕਰ ਰਹੇ ਹਨ, ਅਤੇ ਵਿਦੇਸ਼ ’ਚ ਨੌਕਰੀਆਂ ਦੀ ਮੰਜ਼ਿਲ ’ਚੋਂ ਆਸਟ੍ਰੇਲੀਆ ਦਾ ਨਾਂ ਸਿਖਰ ’ਤੇ ਹੈ।
ਇਸ ਦੇ ਕਾਰਨਾਂ ’ਚ ਚੰਗੀਆਂ ਨੌਕਰੀਆਂ, ਬਿਹਤਰ ਜੀਵਨ, ਵੱਧ ਆਮਦਨ, ਹੋਰਨਾਂ ਦੇਸ਼ਾਂ ਤੋਂ ਘੱਟ ਖ਼ਰਚ ਅਤੇ ਟੈਕਸ ਸ਼ਾਮਲ ਹਨ। ਦੇਸ਼ ਨੂੰ ਨੌਕਰੀ ਦੀਆਂ ਸੰਭਾਵਨਾਵਾਂ ਤੋਂ ਇਲਾਵਾ ਵੀ ਪਸੰਦ ਕੀਤਾ ਜਾਂਦਾ ਹੈ, ਜੋ ਕੈਰੀਅਰ ਦੇ ਮੌਕਿਆਂ ਅਤੇ ਬਿਹਤਰ ਜੀਵਨ ਦਾ ਵਿਲੱਖਣ ਮਿਸ਼ਰਣ ਪੇਸ਼ ਕਰਦਾ ਹੈ। ਸਰਵੇਖਣ ਦੇ ਅੰਕੜੇ ਦਰਸਾਉਂਦੇ ਹਨ ਕਿ ਕੰਮ ਲਈ ਆਸਟ੍ਰੇਲੀਆ ਆਏ 76٪ ਲੋਕਾਂ ਦਾ ਤਜਰਬਾ ਚੰਗਾ ਰਿਹਾ ਹੈ। ਮਹਾਂਮਾਰੀ ਤੋਂ ਬਾਅਦ, ਆਸਟ੍ਰੇਲੀਆ ਦੀ ਆਰਥਿਕਤਾ ਵਿੱਚ ਰੁਜ਼ਗਾਰ ਦੇ ਮੌਕੇ ਵਧੇ ਹਨ, ਜਿਸ ਦੇ ਨਤੀਜੇ ਵਜੋਂ ਸ਼ੁੱਧ ਪ੍ਰਵਾਸ ਵਿੱਚ ਵੱਡਾ ਵਾਧਾ ਹੋਇਆ ਹੈ।
ਅਧਿਐਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵਿਦੇਸ਼ ਜਾਣ ਵਾਲੇ ਵਰਕਰ ਉਮੀਦ ਕਰਦੇ ਹਨ ਕਿ ਇੰਪਲੋਏਅਰ ਉਨ੍ਹਾਂ ਦੇ ਮੁੜ ਵਸੇਬੇ ਅਤੇ ਆਨਬੋਰਡਿੰਗ ’ਚ ਮਦਦ ਕਰਨਗੇ ਅਤੇ ਇੱਕ ਅੰਤਰਰਾਸ਼ਟਰੀ, ਸਮਾਵੇਸ਼ੀ ਸਭਿਆਚਾਰ ਪੈਦਾ ਕਰਨਗੇ। ਸਰਵੇਖਣ ’ਚ ਸ਼ਾਮਲ ਦਸ ਵਿੱਚੋਂ ਲਗਭਗ ਅੱਠ ਲੋਕ ਰਿਹਾਇਸ਼ ਅਤੇ ਵੀਜ਼ਾ ਅਤੇ ਵਰਕ ਪਰਮਿਟ ਸਹਾਇਤਾ ਵਿੱਚ ਮਦਦ ਦੀ ਉਮੀਦ ਕਰਦੇ ਹਨ। ਇਹ ਸਰਵੇਖਣ 188 ਦੇਸ਼ਾਂ ਦੇ 1,50,000 ਤੋਂ ਵੱਧ ਵਰਕਰਾਂ ਦੇ ਅੰਕੜਿਆਂ ‘ਤੇ ਅਧਾਰਤ ਹੈ।