ਚੀਨੀ ਲੜਾਕੂ ਜਹਾਜ਼ ਨੇ ਆਸਟ੍ਰੇਲੀਆਈ ਨੇਵੀ ਦੇ ਹੈਲੀਕਾਪਟਰ ਦੇ ਰਾਹ ’ਚ ਸੁੱਟੇ ਫ਼ਲੇਅਰ ਬਲਾਟਸ, ਦੱਖਣੀ ਚੀਨ ਸਾਗਰ ‘ਚ ਤਣਾਅ ਵਧਿਆ

ਮੈਲਬਰਨ: ਦੱਖਣੀ ਚੀਨ ਸਾਗਰ ‘ਚ ਅੰਤਰਰਾਸ਼ਟਰੀ ਜਲ ਖੇਤਰ ‘ਚ ਕੰਮ ਕਰ ਰਹੇ ਆਸਟ੍ਰੇਲੀਆਈ ਨੇਵੀ ਦੇ ਇਕ ਹੈਲੀਕਾਪਟਰ ਨੂੰ ਚੀਨੀ ਲੜਾਕੂ ਜਹਾਜ਼ ਦੇ ਫ਼ਲੇਅਰ ਬਲਾਸਟ ਦਾ ਸਾਹਮਣਾ ਕਰਨਾ ਪਿਆ। ਡਿਫ਼ੈਂਸ ਮਿਨੀਸਟਰ ਰਿਚਰਡ ਮਾਰਲਸ ਨੇ ਇਕ ਬਿਆਨ ਵਿਚ ਕਿਹਾ ਕਿ ਚੀਨੀ ਹਵਾਈ ਫੌਜ ਦੇ ਜਹਾਜ਼ਾਂ ਨੇ ਆਸਟ੍ਰੇਲੀਆਈ MH-60R ਸੀਹਾਕ ਹੈਲੀਕਾਪਟਰ ਦੇ ਸਾਹਮਣੇ ਲਗਭਗ 300 ਮੀਟਰ ਅਤੇ ਇਸ ਤੋਂ ਲਗਭਗ 60 ਮੀਟਰ ਉੱਪਰ ਅੱਗ ਦੀਆਂ ਲਪਟਾਂ ਸੁੱਟੀਆਂ, ਜਿਸ ਕਾਰਨ ਹੈਲੀਕਾਪਟਰ ਨੂੰ ਅੱਗ ਦੀ ਲਪੇਟ ਵਿਚ ਆਉਣ ਤੋਂ ਬਚਣ ਲਈ ਆਪਣਾ ਰਾਹ ਬਦਲਣ ਲਈ ਮਜਬੂਰ ਹੋਣਾ ਪਿਆ। ਲੜਾਕੂ ਜਹਾਜ਼ ਫ਼ਲੇਅਰ ਬਲਾਸਟ ਦਾ ਪ੍ਰਯੋਗ ਦੁਸ਼ਮਣ ਦੀ ਗਰਮੀ ਦਾ ਪਿੱਛਾ ਕਰਨ ਵਾਲੀਆਂ ਮਿਜ਼ਾਈਲਾਂ ਤੋਂ ਬਚਣ ਲਈ ਕਰਦੇ ਹਨ। ਇਹ ਘਟਨਾ ਦੱਖਣੀ ਚੀਨ ਸਾਗਰ ਨਾਲ ਲੱਗਦੇ ਪੀਲੇ ਸਾਗਰ ‘ਚ ਵਾਪਰੀ।

ਆਸਟ੍ਰੇਲੀਆ ਦੇ ਰੱਖਿਆ ਵਿਭਾਗ ਨੇ ਚੀਨੀ ਹਵਾਈ ਫੌਜ ਦੇ ਜੇ-10 ਜਹਾਜ਼ ਦੀਆਂ ਗਤੀਵਿਧੀਆਂ ਨੂੰ ਅਸੁਰੱਖਿਅਤ ਅਤੇ ਗੈਰ-ਪੇਸ਼ੇਵਰ ਦੱਸਿਆ ਹੈ। ਮਾਰਲਸ ਨੇ ਕਿਹਾ ਕਿ ਆਸਟ੍ਰੇਲੀਆ ਸਰਕਾਰ ਨੇ ਖਤਰਨਾਕ ਇੰਟਰਸੈਪਸ਼ਨ ਤੋਂ ਬਾਅਦ ਸਿੱਧੇ ਤੌਰ ‘ਤੇ ਚੀਨੀ ਸਰਕਾਰ ਕੋਲ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਹੈਲੀਕਾਪਟਰ ਉੱਤਰੀ ਕੋਰੀਆ ਵਿਰੁੱਧ ਪਾਬੰਦੀਆਂ ਲਾਗੂ ਕਰਨ ਲਈ ਸੰਯੁਕਤ ਰਾਸ਼ਟਰ ਦੇ ਮਿਸ਼ਨ ਵਿਚ ਹਿੱਸਾ ਲੈ ਰਿਹਾ ਸੀ। ਰੱਖਿਆ ਵਿਭਾਗ ਨੇ ਕਿਹਾ ਕਿ ਹਾਲਾਂਕਿ ਆਸਟ੍ਰੇਲੀਆਈ ਰੱਖਿਆ ਬਲਾਂ ਦੇ ਜਵਾਨਾਂ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਨਾ ਹੀ MH-60R ਹੈਲੀਕਾਪਟਰ ਨੂੰ ਕੋਈ ਨੁਕਸਾਨ ਪਹੁੰਚਿਆ।

Leave a Comment