ਮੈਲਬਰਨ: ਕੋਵਿਡ ਤੋਂ ਬਾਅਦ ਦੇ ਸਮੇਂ ਦੌਰਾਨ ਰੱਦ ਕੀਤੀਆਂ ਗਈਆਂ ਉਡਾਨਾਂ ਲਈ ਵੀ ਟਿਕਟਾਂ ਬੁੱਕ ਕਰਨ ਵਾਲੀ ਏਅਰਲਾਈਨ Qantas ’ਤੇ ਵੱਡਾ ਜੁਰਮਾਨਾ ਲਗਾਇਆ ਗਿਆ ਹੈ। Qantas ਨੇ ਆਪਣੇ ਕਸਟਮਰਸ ਨੂੰ 2 ਕਰੋੜ ਡਾਲਰ ਵਾਪਸ ਕਰਨ ਅਤੇ ਪਹਿਲਾਂ ਹੀ ਰੱਦ ਕੀਤੀਆਂ ਗਈਆਂ ਉਡਾਣਾਂ ਲਈ ਗੁੰਮਰਾਹਕੁੰਨ ਟਿਕਟ ਇਸ਼ਤਿਹਾਰਾਂ ’ਤੇ 10 ਕਰੋੜ ਡਾਲਰ ਦਾ ਸਿਵਲ ਜੁਰਮਾਨਾ ਅਦਾ ਕਰਨ ਲਈ ਸਹਿਮਤੀ ਦਿੱਤੀ ਹੈ। Qantas ਆਪਣੇ 86,000 ਤੋਂ ਵੱਧ ਕਸਟਮਰਸ ਨੂੰ ਮੁਆਵਜ਼ਾ ਦੇਵੇਗਾ ਜਿਨ੍ਹਾਂ ਨੇ ਫ਼ਲਾਇਟ ਰੱਦ ਕਰਨ ਦੇ ਫੈਸਲੇ ਤੋਂ ਦੋ ਜਾਂ ਵਧੇਰੇ ਦਿਨ ਬਾਅਦ ਉਡਾਣ ਬੁੱਕ ਕੀਤੀ ਸੀ। ਘਰੇਲੂ ਉਡਾਣਾਂ ਲਈ 225 ਡਾਲਰ ਤੋਂ ਲੈ ਕੇ ਅੰਤਰਰਾਸ਼ਟਰੀ ਉਡਾਣਾਂ ਲਈ 450 ਡਾਲਰ ਤੱਕ ਦਾ ਭੁਗਤਾਨ ਕੀਤਾ ਜਾਵੇਗਾ। ਇਹ ਪਹਿਲਾਂ ਹੀ ਪੇਸ਼ ਕਰਾਏ ਗਏ ਕਿਸੇ ਵੀ ਰਿਫੰਡ ਜਾਂ ਬਦਲਵੀਂ ਉਡਾਣ ਤੋਂ ਇਲਾਵਾ ਹੈ।
ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ Qantas ਵਿਰੁੱਧ ਕਾਰਵਾਈ ਸ਼ੁਰੂ ਕਰਦਿਆਂ ਦੋਸ਼ ਲਾਇਆ ਕਿ ਉਸ ਨੇ ਮਈ 2021 ਅਤੇ ਜੁਲਾਈ 2022 ਦੇ ਵਿਚਕਾਰ ਰੱਦ ਕੀਤੀਆਂ ਗਈਆਂ 8000 ਤੋਂ ਵੱਧ ਉਡਾਣਾਂ ਲਈ ਟਿਕਟਾਂ ਦਾ ਇਸ਼ਤਿਹਾਰ ਦਿੱਤਾ ਅਤੇ 10,000 ਤੋਂ ਵੱਧ ਉਡਾਣਾਂ ਦੇ ਟਿਕਟ ਧਾਰਕਾਂ ਨੂੰ ਰੱਦ ਹੋਣ ਬਾਰੇ ਤੁਰੰਤ ਸੂਚਿਤ ਕਰਨ ਵਿੱਚ ਅਸਫਲ ਰਿਹਾ।