ਮੈਲਬਰਨ : ਆਸਟ੍ਰੇਲੀਆ ਦੇ ਦੋ ਪ੍ਰਸਿੱਧ ਸਾਫਟ ਡਰਿੰਕ ਬ੍ਰਾਂਡਸ ਨੇ ਚੁਪ-ਚੁਪੀਤੇ ਆਪਣੇ ਸਾਫ਼ਟ ਡਰਿੰਕ ’ਚ ਸ਼ੂਗਰ ਦੀ ਮਾਤਰਾ ਵਧਾ ਦਿੱਤੀ ਹੈ। ਇਸ ਖ਼ੁਲਾਸੇ ਤੋਂ ਬਾਅਦ ਸਿਹਤ ਮਾਹਰਾਂ ਨੇ ਸਾਫ਼ਟ ਡਰਿੰਕਸ ’ਚ ਸ਼ੂਗਰ ਦੀ ਮਾਤਰਾ ਮੁੜ ਘਟ ਕਰਨ ਅਤੇ ਭੋਜਨ ਤੇ ਪੀਣ ਵਾਲੇ ਉਦਯੋਗ ‘ਤੇ ਨਵੇਂ ਟੈਕਸ ਲਗਾਉਣ ਦੀ ਮੰਗ ਕੀਤੀ ਹੈ। ਜੁਲਾਈ 2020 ਵਿੱਚ, ਸਰਕਾਰ ਨੇ ਭੋਜਨ ਕੰਪਨੀਆਂ ਨੂੰ ਹੌਲੀ ਹੌਲੀ ਆਪਣੇ ਉਤਪਾਦਾਂ ਵਿੱਚ ਸ਼ੂਗਰ, ਸੋਡੀਅਮ ਅਤੇ ਸੈਚੁਰੇਟਿਡ ਫੈਟ ਨੂੰ ਘਟਾਉਣ ਲਈ ਉਤਸ਼ਾਹਤ ਕਰਨ ਲਈ ਇੱਕ “ਭਾਈਵਾਲੀ ਸੁਧਾਰ ਪ੍ਰੋਗਰਾਮ” ਸ਼ੁਰੂ ਕੀਤਾ। ਇਹ ਪ੍ਰੋਗਰਾਮ ਪੂਰੀ ਤਰ੍ਹਾਂ ਸਵੈ-ਇੱਛਤ ਹੈ। ਸਿਰਫ ਚਾਰ ਨਿਰਮਾਤਾ ਇਸ ’ਚ ਸ਼ਾਮਲ ਹੋਏ ਹਨ। ਸ਼ੁਰੂ ਵਿੱਚ ਪ੍ਰੋਗਰਾਮ ‘ਤੇ ਦਸਤਖਤ ਕਰਨ ਅਤੇ 2021 ਵਿੱਚ ਸਾਫਟ ਡਰਿੰਕ ਫਾਂਟਾ ’ਚ ਸ਼ੂਗਰ ਜਾਂ ਖੰਡ ਦੀ ਮਾਤਰਾ ਨੂੰ ਘਟਾ ਕੇ 4.5 ਗ੍ਰਾਮ ਪ੍ਰਤੀ 100 ਮਿਲੀਲੀਟਰ ਕਰਨ ਦੇ ਬਾਵਜੂਦ, ਨਿਰਮਾਤਾ ਕੋਕਾ-ਕੋਲਾ ਨੇ ਇਸ ’ਚ ਸ਼ੂਗਰ ਦੀ ਮਾਤਰਾ ਹੌਲੀ-ਹੌਲੀ ਵਧਾ ਕੇ 7.2 ਗ੍ਰਾਮ ਪ੍ਰਤੀ 100 ਮਿਲੀਮੀਟਰ ਕਰ ਦਿਤੀ।
ਮੀਡੀਆ ’ਚ ਆਈ ਟਿੱਪਣੀ ’ਚ ਕੋਕਾ-ਕੋਲਾ ਆਸਟ੍ਰੇਲੀਆ ਦੇ ਬੁਲਾਰੇ ਨੇ ਕਿਹਾ ਕਿ, ਡਰਿੰਕ ਸਪਰਾਈਟ ਵਿੱਚ ਵੀ ਹੁਣ ਪ੍ਰਤੀ 100 ਮਿਲੀਲੀਟਰ 6.9 ਗ੍ਰਾਮ ਸ਼ੂਗਰ ਹੁੰਦੀ ਹੈ ਜੋ 2021 ਦੇ 4.9 ਗ੍ਰਾਮ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਸਾਫ਼ਟ ਡਰਿੰਕਸ ’ਚ ਸ਼ੂਗਰ ਦੀ ਮਾਤਰਾ ਨੂੰ ਘਟਾਉਣ ’ਤੇ ਅਜੇ ਹੋਰ ਕੰਮ ਕੀਤਾ ਜਾਣਾ ਬਾਕੀ ਹੈ ਅਤੇ ਉਹ ਆਪਣੀ ਜ਼ੀਰੋ ਸ਼ੂਗਰ ਰੇਂਜ ਵਿੱਚ ਨਿਵੇਸ਼ ਕਰਨਾ ਜਾਰੀ ਰੱਖਣ ਨਾਲ ਨਵੇਂ ਘੱਟ ਅਤੇ ਜ਼ੀਰੋ ਸ਼ੂਗਰ ਉਤਪਾਦਾਂ ਨੂੰ ਵਿਕਸਤ ਕਰਨਗੇ ਅਤੇ ਛੋਟੇ ਪੈਕ ਆਕਾਰ ਪੇਸ਼ ਕਰਨਗੇ।
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋਫੈਸਰ ਸਟੀਵ ਰੌਬਸਨ ਨੇ ਕਿਹਾ ਕਿ ਕੰਪਨੀਆਂ ਵੱਲੋਂ ਸ਼ੂਗਰ ‘ਚ ਕਟੌਤੀ ਕਰਨ ਦਾ ਵਾਅਦਾ ਕੰਮ ਨਹੀਂ ਕਰ ਰਿਹਾ ਕਿਉਂਕਿ ਸਿਰਫ ਚਾਰ ਨਿਰਮਾਤਾਵਾਂ ਨੇ ਇਸ ‘ਤੇ ਦਸਤਖਤ ਕੀਤੇ ਹਨ। ਖੋਜ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਸ਼ੂਗਰ ਅਧਾਰਤ ਪੀਣ ਵਾਲੇ ਪਦਾਰਥਾਂ ‘ਤੇ 20٪ ਟੈਕਸ ਲਗਾਉਣ ਨਾਲ ਦਿਲ ਦੀ ਬਿਮਾਰੀ ਦੇ 4,400 ਘੱਟ ਮਾਮਲੇ, ਟਾਈਪ 2 ਡਾਇਬਿਟੀਜ਼ ਦੇ 16,000 ਘੱਟ ਮਾਮਲੇ ਅਤੇ 25 ਸਾਲਾਂ ਵਿੱਚ 1,100 ਘੱਟ ਸਟ੍ਰੋਕ ਹੋ ਸਕਦੇ ਹਨ।
ਵਿਸ਼ਵ ਸਿਹਤ ਸੰਗਠਨ ਦੀਆਂ ਸਿਫਾਰਸ਼ਾਂ ਅਨੁਸਾਰ, ਬਾਲਗਾਂ ਨੂੰ ਇੱਕ ਦਿਨ ਵਿੱਚ 50 ਗ੍ਰਾਮ ਤੋਂ ਵੱਧ ਸ਼ੂਗਰ ਦਾ ਸੇਵਨ ਨਹੀਂ ਕਰਨਾ ਚਾਹੀਦਾ, ਅਤੇ ਆਦਰਸ਼ ਤੌਰ ‘ਤੇ ਬਿਹਤਰ ਸਿਹਤ ਲਈ 25 ਗ੍ਰਾਮ ਤੋਂ ਵੱਧ ਨਹੀਂ ਹੋਣਾ ਚਾਹੀਦਾ। ਪਰ ਡੀਕਿਨ ਯੂਨੀਵਰਸਿਟੀ ਦੇ ਗਲੋਬਲ ਸੈਂਟਰ ਫਾਰ ਪ੍ਰੀਵੈਂਟਿਵ ਹੈਲਥ ਐਂਡ ਨਿਊਟ੍ਰੀਸ਼ਨ ਦੀ ਡਾਕਟਰ ਆਦਿਆ ਗੁਪਤਾ ਨੇ ਕਿਹਾ ਕਿ ਇੱਕ ਆਸਟ੍ਰੇਲੀਆ ’ਚ ਬਾਲਗ ਪ੍ਰਤੀ ਦਿਨ ਲਗਭਗ 58 ਤੋਂ 60 ਗ੍ਰਾਮ ਸ਼ੂਗਰ ਦੀ ਖਪਤ ਕਰ ਰਹੇ ਹਨ, ਜਿਸ ਵਿੱਚ ਸਾਫ਼ਟ-ਡਰਿੰਕਸ ਸਭ ਤੋਂ ਵੱਡਾ ਸਰੋਤ ਹਨ।